ਦੋਰਾਹਾ- ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਆਖਰ ਸਰਕਾਰ ਨੇ ਕਰਵਾਏ ਜਾਣ ਦਾ ਐਲਾਨ ਕਰ ਹੀ ਦਿੱਤਾ ਹੈ, ਜਿਸ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਆਪਣੇ ਕਾਰਜ ਕਾਲ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਨਾਉਣ ਦੇ ਨਾਲ ਸਿੱਖ ਧਰਮ, ਸਿੱਖ ਫਿਲਾਸਫੀ ਅਤੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਸੰਸਾਰ ਪੱਧਰ ’ਤੇ ਉਜਾਗਰ ਕਰਨ ਦੇ ਸਫ਼ਲ ਉਪਰਾਲੇ ਕੀਤੇ ਗਏ ਹਨ। ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ’ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ’ ਸਥਾਪਤ ਕਰਕੇ ਵਿਦਿਆ ਦੇ ਖੇਤਰ ਵਿਚ ਵਿਲੱਖਣ ਇਤਿਹਾਸ ਸਿਰਜਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਇਥੋਂ 5 ਕਿਲੋਮੀਟਰ ਦੂਰ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ’ਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਪੂਰੇ ਵਿਸ਼ਵ ਵਿੱਚ ਉਚੇਰੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸੰਸਥਾ ਹੋਵੇਗੀ, ਜਿਸ ਵਿਚ ਵਿਗਿਆਨ, ਤਕਨੀਕ, ਕਲਾ, ਭਾਸ਼ਾ ਅਤੇ ਸੱਭਿਆਚਾਰ ਦੀ ਪੜ੍ਹਾਈ ਦੇ ਨਾਲ ਨਾਲ ਦੁਨੀਆਂ ਭਰ ਦੇ ਧਰਮਾਂ ਦਾ ਤੁਲਨਾਤਮਕ ਅਧਿਐਨ ਅਤੇ ਖੋਜ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ।
ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ 43 ਪ੍ਰੋਫੈਸ਼ਨਲ ਕਾਲਜ ਅਤੇ 66 ਹਾਈ/ਹਾਇਰ ਸੈਕੰਡਰੀ ਸਕੂਲ ਸਫ਼ਲਤਾ ਪੂਰਵਕ ਚਲ ਰਹੇ ਹਨ ਜਿਨ੍ਹਾਂ ਵਿਚ ਮੈਡੀਕਲ, ਡੈਂਟਲ, ਇੰਜੀਨੀਅਰਿੰਗ, ਪੋਲੀਟੈਕਨੀਕ, ਆਰਟਸ, ਕਮਰਸ, ਸਾਇੰਸ ਅਤੇ ਹੋਰ ਕਈ ਵਿਸ਼ਿਆ ਦੀ ਅੰਤਰਰਾਸ਼ਟਰੀ ਪੱਧਰ ਦੀ ਵਿਦਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਦੋ ਸਾਲਾਂ ਵਿਚ ਪੰਜਾਬ ਤੇ ਦੂਜੇ ਸੂਬਿਆਂ ’ਚ 10 ਉਚਪਾਏ ਦੇ ਨਵੇਂ ਸਕੂਲ ਖੋਲੇ ਜਾਣ ਦਾ ਟੀਚਾ ਹੈ।
ਉਨ੍ਹਾਂ ਦੱਸਿਆ ਕਿ ਚੰਗੇ ਗ੍ਰੰਥੀ ਸਿੰਘ ਤੇ ਮਿਸ਼ਨਰੀ ਪੈਦਾ ਕਰਨ ਲਈ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੜ੍ਹਾਈ ਅਤੇ ਸਿਖਲਾਈ ਲਈ ਇੱਕ ਵਿਸ਼ੇਸ਼ ਕੇਂਦਰ ਖੋਲ੍ਹਣ ਤੋਂ ਇਲਾਵਾ ਬਹਾਦਗਰਗੜ੍ਹ (ਪਟਿਆਲਾ) ਵਿਖੇ ਧਾਰਮਿਕ ਵਿੱਦਿਆ ਲਈ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖ ਸਟੱਡੀਜ਼’ ਦੀ ਸਥਾਪਨਾ ਕੀਤੀ ਗਈ ਹੈ ਜਿਸ ਨੂੰ ਭਵਿੱਖ ਵਿੱਚ ਇੱਕ ਧਾਰਮਿਕ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਿਖਾਂ ’ਚ ਕੌਮੀ ਸਵੇਮਾਣ ਤੇ ਜਿਤ-ਹਾਰ ਦਾ ਜਜਬਾ ਪੈਦਾ ਕਰਨ ਲਈ ਗੁਰੂ ਸਾਹਿਬ ਵਲੋਂ ਆਰੰਭ ਕੀਤੀ ਖੇਡ ਪ੍ਰੰਪਰਾ ਨੂੰ ਜ਼ਾਰੀ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤਰਰਾਸ਼ਟਰੀ ਪੱਧਰ ਦੀ ਤਿਆਰ ਕੀਤੀ ਹੈ। ਉਨ੍ਹਾਂ ਇਸ ਟੀਮ ਸਬੰਧੀ ਤਿਆਰ ਕੀਤਾ ਸੋਵੀਨਰ ਵੀ ਰੀਲੀਜ ਕੀਤਾ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ’ਚ ਅੰਮ੍ਰਿਤਸਰ ਵਿਖੇ ਕੇਂਦਰੀ ਸਿੱਖ ਅਜਾਇਬਘਰ ਨੂੰ ਏ.ਸੀ. ਕਰਾਉਣ ਲਈ 32 ਲੱਖ ਰੁਪਏ, ਗੁਰਦੁਆਰਾ ਸਾਰਾਗੜ੍ਹੀ ਵਿਖੇ ਨਵੀ ਸਰਾਂ ਉਸਾਰੀ ਲਈ ਕਰੀਬ 24 ਕਰੋੜ ਰੁਪਏ, ਗੁਰਦੁਆਰਾ ਬੀੜ ਸਾਹਿਬ ਠੱਠਾ (ਤਰਨ ਤਾਰਨ) ਦੀ ਸਮੁੱਚੀ ਇਮਾਰਤ ਨੂੰ ਰੰਗ ਰੋਗਨ ਪੁਰ ਕਰੀਬ 15 ਲੱਖ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਅਜੀਤ ਕੋਰ ਨਿਵਾਸ ’ਚ ਏ.ਸੀ. ਲਗਾਉਣ ਲਈ ਕਰੀਬ 7 ਲੱਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਲਕੀਅਤ ਜਮੀਨ ਵਾਕਿਆ ਪੁਰਾਣੀ ਹੰਸਲੀ ਤਹਿਸੀਲਪੁਰਾ ਵਿਖੇ 20 ਸਟਾਫ ਕੁਆਰਟਰਾਂ ਪੁਰ ਹੋਣ ਵਾਲੇ ਇਕ ਕਰੋੜ 40 ਲੱਖ ਰੁਪਏ, ਗੁਰਦੁਆਰਾ ਬਾਬਾ ਬਕਾਲਾ ਵਿਖੇ ਕੜਾਹ ਪ੍ਰਸਾਦਿ ਕੰਪਿਊਟਰਾਈਜ਼ਡ ਕਰਨ ਲਈ 1 ਲੱਖ 79 ਹਜ਼ਾਰ, ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਤੋਂ ਅਸਥ ਘਾਟ ਤੱਕ ਦੇ ਰਸਤੇ ’ਤੇ ਫਾਈਬਰ ਦੀ ਛੱਤ ਪਾਉਣ 29 ਲੱਖ ਰੁਪਏ, ਗੁਰਦੁਆਰਾ ਨਾਡਾ ਸਾਹਿਬ ਵਿਖੇ ਜਨਰੇਟਰ ਲਗਾਉਣ ਲਈ ਸਵਾ ਪੰਜ ਲੱਖ ਰੁਪਏ ਅਤੇ ਇੰਟਰਨੈੱਟ ਵਿਭਾਗ ਦੀ ਸਾਲ 2012 ਲਈ ਲੀਜ਼ ਲਾਈਨ ਲਈ 6 ਲੱਖ 40 ਹਜ਼ਾਰ ਰੁਪਏ ਖਰਚਾਂ ਦੀ ਪ੍ਰਵਾਨਗੀ ਦਿੱਤੀ ਗਈ।
ਇਕੱਤਰਤਾ ’ਚ ਟ੍ਰਸਟ ਵਿਭਾਗ ਦੀਆਂ 51, ਸੈਕਸ਼ਨ 85 ਦੀਆਂ 243 ਅਤੇ ਸੈਕਸ਼ਨ 87 ਦੀਆਂ 49 ਮੱਦਾਂ ’ਤੇ ਵਿਚਾਰਾਂ ਕੀਤੀਆਂ ਗਈਆਂ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ੍ਰ: ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ੍ਰ: ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ੍ਰ: ਨਿਰਮੈਲ ਸਿੰਘ ਜੌਲਾਂ ਕਲਾਂ, ਸ੍ਰ: ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਮੰਗਲ ਸਿੰਘ, ਸ. ਰਾਮਪਾਲ ਸਿੰਘ ਬਹਿਨੀਵਾਲ, ਸ. ਮੋਹਨ ਸਿੰਘ ਬੰਗੀ, ਸ. ਸੂਬਾ ਸਿੰਘ ਡੱਬਵਾਲਾ, ਸ. ਭਜਨ ਸਿੰਘ ਸ਼ੇਰਗਿਲ, ਸ. ਸਰਜੀਤ ਸਿੰਘ ਗੜ੍ਹੀ, ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ: ਸਕੱਤਰ ਸ. ਤਰਲੋਚਨ ਸਿੰਘ, ਸ. ਮਨਜੀਤ ਸਿੰਘ, ਸ. ਹਰਜੀਤ ਸਿੰਘ, ਸ. ਅਵਤਾਰ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ, ਸ. ਕੇਵਲ ਸਿੰਘ ਭੂਰਾ, ਸ. ਪ੍ਰਮਜੀਤ ਸਿੰਘ ਸਰੋਆ, ਅਮਲਾ ਵਿਭਾਗ ਦੇ ਇੰਚਾਰਜ ਸ. ਤਰਵਿੰਦਰ ਸਿੰਘ ਤੇ ਸ. ਗੁਰਦਿੱਤ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਗੁਰਦੇਵ ਸਿੰਘ, ਟ੍ਰਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ ਮੂਲੇਚੱਕ, ਸੈਕਸ਼ਨ 87 ਦੇ ਇੰਚਾਰਜ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪਰਵਾਈਜ਼ਰ ਸ. ਕਰਮਬੀਰ ਸਿੰਘ, ਸ. ਹਰਜਿੰਦਰ ਸਿੰਘ, ਸ. ਸੁਖਬੀਰ ਸਿੰਘ ਤੇ ਸ. ਗੁਰਚਰਨ ਸਿੰਘ ਆਦਿ ਮੌਜੂਦ ਸਨ