ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੰਪਰਦਾਇਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਲਈ ਕੰਮ ਕਰਨ ਵਾਲੇ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤੇ ਜਾਣ ਸਬੰਧੀ ਸਮਾਗਮ ਦੌਰਾਨ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਸਾਨੂੰ ਸੰਪਰਦਾਇਕਤਾ ਅਤੇ ਅਤਵਾਦ ਤੋਂ ਹੋਣ ਵਾਲੇ ਨੁਕਸਾਨ ਲਈ ਸੱਭ ਨੂੰ ਮਿਲ ਕੇ ਲੜਨਾ ਹੋਵੇਗਾ। ਦੇਸ਼ ਦੀ ਅਖੰਡਤਾ ਅਤੇ ਏਕਤਾ ਲਈ ਇਹ ਇੱਕ ਵੱਡੀ ਚੁਣੌਤੀ ਬਣ ਗਏ ਹਨ।
ਡਾ: ਮਨਮੋਹਨ ਸਿੰਘ ਨੇ ਮੁਹੰਮਦ ਹਨੀਫ਼ ਖਾਨ ਸ਼ਾਸਤਰੀ ਅਤੇ ਆਚਾਰੀਆ ਲੋਕੇਸ਼ ਮੁਨੀ ਨੂੰ ਸਨਮਾਨਿਤ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੋਵੈਂ ਹੀ ਅਸਾਧਾਰਣ ਲਗਨ ਅਤੇ ਯੋਗਤਾ ਦੇ ਧਨੀ ਹਨ। ਇਹ ਮਹਾਨ ਵਿਅਕਤੀ ਜੋ ਪੁਰਸਕਾਰ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਦਾ ਕੰਮ ਸਮਾਜ ਦੇ ਦੂਸਰੇ ਲੋਕਾਂ ਲਈ ਇੱਕ ਬਹੁਤ ਚੰਗੀ ਮਿਸਾਲ ਹੈ।ਪ੍ਰਧਾਨਮੰਤਰੀ ਨੇ ਕਿਹਾ ਕਿ ਸਾਨੂੰ ਆਪਸ ਵਿੱਚ ਸਮਾਜਿਕ ਮੇਲਜੋਲ ਵਧਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਸਾਨੂੰ ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਦੇਸ਼ ਦੇ ਹਰ ਹਿੱਸੇ ਵਿੱਚ ਪਹੁੰਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸੰਪਰਦਾਇਕਤਾ ਅਤੇ ਉਗਰਵਾਦ ਸਾਡੀ ਏਕਤਾ ਅਤੇ ਅਖੰਡਤਾ ਲਈ ਇੱਕ ਵੱਡੀ ਚੁਣੌਤੀ ਬਣ ਗਏ ਹਨ। ਸਾਡੇ ਸਮਾਜ ਦੇ ਕੁਝ ਗੁੰਮਰਾਹ ਲੋਕ ਇਸ ਨੂੰ ਵਧਾ ਰਹੇ ਹਨ। ਇਸ ਨਾਲ ਪੂਰੇ ਦੇਸ਼ ਅਤੇ ਸਮਾਜ ਦੀ ਬਦਨਾਮੀ ਹੁੰਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।