ਨਵੀਂ ਦਿੱਲੀ:- ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਾਬਕਾ ਕੇਂਦਰੀ ਮੰਤਰੀ ਸ. ਮਨੋਹਰ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ਤੇ ਬਣਾਏ ਜਾਣ ਦੀ ਅਲੋਚਨਾ ਕਰਦਿਆਂ, ਲਾਲ ਕਿਲ੍ਹੇ ਦੇ ਨੇੜੇ ਬਣਾਏ ਜਾਣ ਦੇ ਦਿਤੇ ਗਏ ਸੁਝਾਉ ਪੁਰ ਟਿੱਪਣੀ ਕਰਦਿਆਂ ਦਸਿਆ ਕਿ ਪਹਿਲਾਂ ਸਰਕਾਰ ਨੇ ਇਹ ਯਾਦਗਾਰ ਲਾਲ ਕਿਲ੍ਹੇ ਦੇ ਪਿਛੇ ਹੀ ਬਣਾਏ ਜਾਣ ਲਈ ਜਗ੍ਹਾ ਦੀ ਪਛਾਣ ਕਰ ਲਈ ਸੀ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਜਗ੍ਹਾ ਨੂੰ ਇਸ ਆਧਾਰ ਤੇ ਸਵੀਕਾਰ ਨਹੀਂ ਸੀ ਕੀਤਾ ਕਿ ਇਸਦੇ ਆਸ-ਪਾਸ ਕਈ ਰਾਸ਼ਟਰੀ ਨੇਤਾਵਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ, ਜਿਸ ਕਾਰਣ ਇਸ ਅਸਥਾਨ ਤੇ ਕਾਇਮ ਕੀਤੀ ਗਈ ਗੁਰੂ ਸਾਹਿਬ ਦੀ ਯਾਦਗਾਰ ਨੂੰ ਵੀ ਉਨ੍ਹਾਂ ਦੀ ਸਮਾਧ ਹੀ ਸਮਝਿਆ ਜਾਣ ਲਗ ਪਵੇਗਾ, ਜੋ ਕਿ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁਧ ਹੈ। ਸ. ਸਰਨਾ ਨੇ ਦਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਦਿਤੇ ਗਏ ਸੁਝਾਉ ਅਨੁਸਾਰ ਸਰਕਾਰ ਵਲੋਂ ਕਈ ਹੋਰ ਥਾਂਵਾਂ ਵੀ ਵੇਖੀਆਂ ਗਈਆਂ, ਆਖਰ ਵਰਤਮਾਨ, ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ਦੇ ਸਥਾਨ ਦੀ ਅੰਤਿਮ ਚੋਣ ਕਰ ਲਈ ਗਈ। ਉਨ੍ਹਾਂ ਕਿਹਾ ਕਿ ਇਸ ਸਥਾਨ ਤੇ ਬਣੀ ਯਾਦਗਾਰ ਆਪਣੀ ਮਿਸਾਲ ਆਪ ਹੈ। ਰਾਤ ਨੂੰ ਬਿਜਲਈ ਰੋਸ਼ਨੀ ਵਿੱਚ ਇਸਦਾ ਨਜ਼ਾਰਾ ਅਦੁਤੀ ਹੋਵੇਗਾ। 12.5 ਏਕੜ ਵਿੱਚ ਫੈਲੀ ਇਸ ਯਾਦਗਾਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਇਆਲਾ ਦੀਆਂ ਸ਼ਹੀਦੀ ਯਾਦਗਾਰਾਂ ਕਾਇਮ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਇਥੇ ਗੁਰੂ ਸਾਹਿਬਾਨ ਵਲੋਂ ਸਮੁੱਚੀ ਮਾਨਵਤਾ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਦਿੱਤੀ ਗਈ ਸ਼ਹੀਦੀ ਦੇ ਸੰਦੇਸ਼ ਦੇ ਨਾਲ ਹੀ ਗੁਰੂ ਸਾਹਿਬ ਵਲੋਂ ਸਿੱਖ ਧਰਮ ਦੀਆਂ ਸਰਬ-ਸਾਂਝੀਵਾਲਤਾ, ਪਿਆਰ ਅਤੇ ਸਦਭਾਵਨਾ ਪੁਰ ਅਧਾਰਤ ਮਾਨਤਾਵਾਂ ਦੇ ਸੰਦੈਸ਼ ਨੂੰ ਪ੍ਰਚਾਰਨ ਲਈ 40 ਅਜਿਹੇ ਸਤੰਭ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਪੁਰ ਇਸ ਸੰਦੇਸ਼ ਨਾਲ ਸੰਬੰਧਤ ਗੁਰੂ ਸਾਹਿਬਾਨ ਦੇ ਉਪਦੇਸ਼ ਉਕਰੇ ਗਏ ਹੋਏ ਹਨ। ਸ. ਸਰਨਾ ਨੇ ਦਸਿਆ ਕਿ ਗੁਰੂ ਸਾਹਿਬ ਦੀ ਇਸ ਯਾਦਗਾਰ ਨੂੰ ਅਜਿਹੇ ਰੂਪ ਵਿੱਚ ਸਿਰਜਿਆ ਗਿਆ ਕਿ ਇਸ ਰਸਤਿਉਂ ਲੰਘਣ ਵਾਲਾ ਹਰ ਵਿਅਕਤੀ, ਭਾਵੇਂ ਉਹ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਰਖਦਾ ਹੋਵੇ ਉਸ ਵਲ ਖਿਚਿਆ ਚਲਿਆ ਆਏ ਅਤੇ ਇਥੋਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਦੀ ਸ਼ਹਾਦਤ ਅਤੇ ਸਿੱਖੀ ਦੀਆਂ ਮਾਨਤਾਵਾਂ ਦੇ ਸੰਦੇਸ਼ ਨਾਲ ਝੋਲੀ ਭਰ ਵਾਪਸ ਮੁੜੇ। ਸ. ਸਰਨਾ ਨੇ ਬਾਦਲ ਅਕਾਲੀ ਦਲ ਵਲੋਂ ਇਸ ਯਾਦਗਾਰ ਦੀ ਕੀਤੀ ਗਈ ਅਲੋਚਨਾ ਪੁਰ ਇਹ ਆਖਦਿਆਂ ਹੋਇਆਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਭਾਜਪਾਈਆਂ ਸਾਹਮਣੇ ਸਮਰਪਤ ਹੋਣ ਕਾਰਣ ਬਾਦਲਕਿਆਂ ਦੀ ਤਾਂ ਇਹ ਫਿਤਰਤ ਹੀ ਬਣ ਗਈ ਹੋਈ ਹੈ ਕਿ ਉਨ੍ਹਾਂ ਨੇ ਸਿੱਖਾਂ ਦੇ ਸਨਮਾਨ-ਸਤਿਕਾਰ ਅਤੇ ਹਿਤਾਂ ਨਾਲ ਸੰਬੰਧਤ ਹਰ ਕੰਮ ਦਾ ਵਿਰੋਧ ਕਰਨਾ ਹੀ ਹੈ।
ਸਿੰਘੂ ਬਾਰਡਰ ਤੇ ਬਣੇ ਗੁਰੂ ਤੇਗ ਬਹਾਦਰ ਮੈਮੋਰੀਅਲ ਨੂੰ ਕੌਮ ਨੂੰ ਸਮਰਪਿਤ ਕੀਤਾ ਗਿਆ
This entry was posted in ਭਾਰਤ.