ਵਾਸਿੰਗਟਨ- ਅਮਰੀਕਾ ਪ੍ਰਸ਼ਾਸਨ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਨਕਲੀ ਵੀਜ਼ੇ ਅਤੇ ਜਾਅਲੀ ਦਸਤਾਵੇਜ਼ ਮੁਹਈਆਂ ਕਰਵਾਉਣ ਵਾਲੇ ਗਿਰੋਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਫਿਰ ਇੱਕ ਅਮਰੀਕੀ ਯੂਨੀਵਰਿਸਟੀ ਤੇ ਫਰਜੀ ਵੀਜ਼ੇ ਲਗਵਾਉਣ ਦੇ ਅਰੋਪਾਂ ਕਰਕੇ ਛਾਪੇ ਮਾਰੇ ਗਏ ਹਨ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਹੈ ਕਿ ਅਸੀਂ ਜਾਅਲੀ ਵੀਜ਼ੇ ਜਾਰੀ ਕਰਨ ਦੇ ਅਰੋਪਾਂ ਵਿੱਚ ਯੂਨੀਵਰਿਸਟੀ ਆਫ਼ ਨਾਰਦਨ ਵਰਜੀਨੀਆ ਵਿੱਚ ਮਾਰੇ ਗਏ ਛਾਪਿਆਂ ਤੇ ਪੂਰੀ ਨਜ਼ਰ ਰੱਖ ਰਹੇ ਹਾਂ। ਇਸ ਸਿਲਸਿਲੇ ਵਿੱਚ ਅਜੇ ਜਾਂਚ ਚਲ ਰਹੀ ਹੈ, ਇਸ ਕਰਕੇ ਇਸ ਸਬੰਧੀ ਜਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ। ਟੋਨਰ ਨੇ ਕਿਹਾ ਕਿ ਹਜ਼ਾਰਾਂ ਦੀ ਸੰਖਿਆ ਵਿੱਚ ਭਾਰਤੀ ਵਿਦਿਆਰਥੀ ਅਮਰੀਕਾ ਦੇ ਵਿਦਿਅਕ ਅਦਾਰਿਆਂ ਤੋਂ ਸਿਖਿਆ ਪ੍ਰਾਪਤ ਕਰ ਰਹੇ ਹਨ ਅਤੇ ਅਸੀਂ ਅਮਰੀਕਾ ਵਿੱਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਭਾਰਤੀ ਸਟੂਡੈਂਟਸ ਦਾ ਸਵਾਗਤ ਕਰਦੇ ਹਾਂ।
ਯੂਐਨਵੀਏ ਤੇ ਨਕਲੀ ਵੀਜ਼ੇ ਜਾਰੀ ਕਰਨ ਦੇ ਅਰੋਪਾਂ ਕਰਕੇ ਛਾਪੇ ਮਾਰੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਛਾਪੇ ਮਾਰਨ ਤੋਂ ਬਾਅਦ ਵੀ ਯੂਨੀਵਰਿਸਟੀ ਆਫ਼ ਨਾਰਦਰਨ ਵਰਜੀਨੀਆ ਖੁਲ੍ਹੀ ਹੋਈ ਹੈ ਅਤੇ ਆਮ ਦਿਨਾਂ ਵਾਂਗ ਕਲਾਸਾਂ ਚਲ ਰਹੀਆਂ ਹਨ। ਯੂਐਨਵੀਏ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਸੰਘੀ ਅਤੇ ਰਾਜ ਵਿਭਾਗ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਇਥੇ 90 ਫੀਸਦੀ ਦੇ ਕਰੀਬ ਸਟੂਡੈਂਟ ਆਂਧਰਾ ਪ੍ਰਦੇਸ਼ ਦੇ ਹਨ। ਤੇਲਗੂ ਕਮਿਊਨਿਟੀ ਦੇ ਲੋਕ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆ ਰਹੇ ਹਨ।