ਬੰਗਲੂਰੂ- ਕਰਨਾਟਕ ਵਿੱਚ ਖਾਣ ਘੋਟਾਲੇ ਵਿੱਚ ਲੋਕਪਾਲ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਸੂਬੇ ਦੇ ਮੁੱਖਮੰਤਰੀ ਬੀ ਐਸ ਯੇਦੀਯੁਰਪਾ ਨੂੰ ਆਖਿਰਕਾਰ ਪਾਰਟੀ ਹਾਈਕਮਾਨ ਅੱਗੇ ਝੁਕਣਾ ਹੀ ਪਿਆ। ਪਿੱਛਲੇ ਕੁਝ ਅਰਸੇ ਤੋਂ ਭਾਜਪਾ ਹਾਈਕਮਾਨ ਵਲੋਂ ਮੁੱਖਮੰਤਰੀ ਤੇ ਅਸਤੀਫ਼ ਦੇਣ ਲਈ ਕਾਫ਼ੀ ਦਬਾਅ ਚਲ ਰਿਹਾ ਸੀ ਪਰ ਯੇਦੀਯੁਰਪਾ ਟਾਲਮਟੋਲ ਕਰ ਰਹੇ ਸਨ। ਅੱਜ ਸਵੇਰੇ ਯੇਦੀਯੁਰਪਾ ਨੇ ਪਾਰਟੀ ਨੇਤਾਵਾਂ ਦੇ ਦਬਾਅ ਅੱਗੇ ਝੁਕਦੇ ਹੋਏ ਪਾਰਟੀ ਪ੍ਰਧਾਨ ਨਿਤਿਨ ਗੜਕਰੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਰਾਜਪਾਲ ਨੂੰ ਵੀ ਦੁਪਹਿਰ ਦੇ ਸਮੇਂ ਅਸਤੀਫ਼ਾ ਸੌਂਪ ਦਿੱਤਾ ਜਾਵੇਗਾ। ਬੀਜੇਪੀ ਵਲੋਂ ਜਲਦੀ ਹੀ ਨਵੇਂ ਮੁੱਖਮੰਤਰੀ ਦਾ ਐਲਾਨ ਕਰ ਦਿੱਤਾ ਜਾਵੇਗਾ।
ਮੁੱਖਮੰਤਰੀ ਯੇਦੁਯੁਰਪਾ ਆਖਰੀ ਸਮੇਂ ਤੱਕ ਅਸਤੀਫ਼ਾ ਦੇਣ ਤੋਂ ਨਾਂਹ ਨੁਕਰ ਕਰਦੇ ਰਹੇ। ਪਾਰਟੀ ਦੀ ਕੇਂਦਰੀ ਇਕਾਈ ਦੇ ਦਬਾਅ ਅੱਗੇ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। ਖਾਣਾਂ ਸਬੰਧੀ ਘੋਟਾਲੇ ਕਰਕੇ ਸਰਕਾਰੀ ਖਜ਼ਾਨੇ ਨੂੰ 16,000 ਕਰੋੜ ਰੁਪੈ ਦਾ ਨੁਕਸਾਨ ਹੋਇਆ ਹੈ।ਮੁੱਖਮੰਤਰੀ ਦੀ ਕੁਰਸੀ ਨੂੰ ਲੈ ਕੇ ਅਜੇ ਖਿਚੋਤਾਣ ਚਲ ਰਹੀ ਹੈ। ਇਸ ਦੌੜ ਵਿੱਚ ਸਦਾਨੰਦ ਗੌੜਾ ਅਤੇ ਵੀਐਸ ਅਚਾਰੀਆ ਮੁੱਖ ਰੂਪ ਵਿੱਚ ਸ਼ਾਮਿਲ ਹਨ। ਸਦਾਨੰਦ ਗੌੜਾ ਦਾ ਪੱਲੜਾ ਜਿਆਦਾ ਭਾਰੀ ਮੰਨਿਆ ਜਾ ਰਿਹਾ ਹੈ।