ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੀਜੇਪੀ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਮੁੱਦੇ ਤੇ ਚਰਚਾ ਕਰਵਾਉਣ ਵਿੱਚ ਕੋਈ ਵੀ ਡਰ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਦੇ ਬਹੁਤ ਸਾਰੇ “ਸ਼ਰਮਿੰਦਗੀ ਭਰੇ ਰਾਜ਼” ਸਾਡੇ ਕੋਲ ਮੌਜੂਦ ਹਨ। ਇਹ ਸ਼ਬਦ ਮਨਮੋਹਨ ਸਿੰਘ ਨੇ ਸੋਮਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਹੇ ਹਨ।
ਡਾ: ਮਨਮੋਹਨ ਸਿੰਘ ਨੇ ਕਿਹਾ,”ਸਾਨੂੰ ਕਿਸੇ ਵੀ ਮੁੱਦੇ ਤੇ ਬਹਿਸ ਕਰਵਾਉਣ ਦਾ ਕੋਈ ਡਰ ਨਹੀਂ ਹੈ। ਅਸੀਂ ਹਰ ਵਿਸ਼ੇ ਤੇ ਬਹਿਸ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਵਿਰੋਧੀਆਂ ਦੇ ਖੇਮੇ ਵਿੱਚ ਸਲਰਮਿੰਦਾ ਕਰਨ ਵਾਲੇ ਬਹੁਤ ਸਾਰੇ ਰਾਜ ਹਨ।”
ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਮੀਰਾ ਕੁਮਾਰ ਵਲੋਂ ਬੁਲਾਈ ਗਈ ਸਰਵਦਲੀ ਬੈਠਕ ਤੋਂ ਬਾਅਦ ਪ੍ਰਧਾਨਮੰਤਰੀ ਨੇ ਬੀਜੇਪੀ ਵਲੋਂ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਦੇ ਸਬੰਧ ਵਿੱਚ ਇਹ ਚਿਤਾਵਨੀ ਦਿੱਤੀ। ਡਾ: ਮਨਮੋਹਨ ਸਿੰਘ ਦੀ ਇਸ ਲਲਕਾਰ ਤੋਂ ਫੌਰਨ ਬਾਅਦ ਭਾਜਪਾ ਦੀ ਨੇਤਾ ਸੁਸ਼ਮਾ ਸਵਰਾਜ ਨੇ ਵੀ ਝਟ ਵਾਰ ਕਰਦੇ ਹੋਏ ਕਿਹਾ,”ਪ੍ਰਧਾਨਮੰਤਰੀ ਦੇ ਤਰਕਸ਼ ਵਿੱਚ ਜਿੰਨੇ ਵੀ ਤੀਰ ਹਨ, ਚਲਾ ਕੇ ਵੇਖ ਲੈਣ। ਕਲ੍ਹ ਵੇਖਾਂਗੇ ਕਿ ਕੌਣ ਕਿਸ ਤੇ ਵਾਰ ਕਰਦਾ ਹੈ।” ਪ੍ਰਧਾਨਮੰਤਰੀ ਨੇ 2ਜੀ ਸਪੈਕਟਰਮ ਮਾਮਲੇ ਤੇ ਕਿਹਾ ਕਿ ਇਸ ਤੇ ਫੈਸਲਾ ਅਦਾਲਤ ਹੀ ਕਰੇਗੀ। ਉਨ੍ਹਾਂ ਨੇ ਇਹ ਉਮੀਦ ਜਾਹਿਰ ਕੀਤੀ ਕਿ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲੇਗੀ।