ਕਰਨ ਦੇ ਮੈਨੂੰ, ਮੇਰੀ ਉਦਾਸੀ ਦਾ ਸਫ਼ਰ
ਪਰਚੂੰਗਾ ਇਕੱਲਾ ਆਪਣੇ ਗ਼ਮਾਂ ਦੇ ਸੰਗ
ਜਿੰਨ੍ਹਾਂ ਨਾਲ਼ ਮੈਂ ਤਮਾਮ ਜ਼ਿੰਦਗੀ ਹੰਢਾਈ ਹੈ!
ਰਹੇ ਨੇ ਇਹ ਮੇਰੇ ਹਮਸਫ਼ਰ,
ਦਿੱਤਾ ਨਹੀਂ ਦਗ਼ਾ ਕਿਸੇ ਮੋੜ ‘ਤੇ ਮੈਨੂੰ,
ਮੇਰੇ ਗ਼ਮ ਮੇਰੇ ਹਮਰਾਹੀ ਨੇ!
…..
ਮੋਹ-ਮੁਹੱਬਤ ਦੀ ਭਾਲ਼ ਕਰਦਿਆਂ
ਰੂਹ ‘ਤੇ ਵੱਜੇ ਬੜੇ ਕੰਡੇ,
ਤੇ ਹੋਇਆ ਬੜਾ ਲਹੂ-ਲੁਹਾਣ!
ਇਸ ਮੰਜ਼ਿਲ ‘ਤੇ, ਜੋ ਮਿਲ਼ੇ,
ਟੀਰੇ-ਕਾਣੇਂ ਤੇ ਦੋਗਲ਼ੇ ਹੀ ਮਿਲ਼ੇ!
ਵੰਝਲੀ ਦੀ ਹੂਕ ਦਾ ਆਸ਼ਕ ਤਾਂ,
ਇੱਕ ਵੀ ਨਸੀਬ ਨਹੀਂ ਹੋਇਆ!
…..
ਕੁੱਤਾ ਵੀ ਆਪਣੇ ਮਾਲਕ ਦੇ
ਪੈਰ ਚੱਟਦੈ!
ਪਰ ਚੁਰਾਸੀ ਲੱਖ ਜੂਨੀ ਦੇ ਸਰਦਾਰ,
ਇਨਸਾਨ ਦਾ ਕੀ ਕਰਾਂ?
ਜੋ ਹੱਥ ਨੂੰ ਰੱਤ ਲੱਗਿਆਂ,
ਆਪਣੇ ਆਪ ਨੂੰ ਪੁਲੀਤ ਦੱਸਦਾ ਹੈ,
ਤੇ ਮਾਣਸ ਦੀ ਰੱਤ ਪੀਣ ਲੱਗਿਆ,
ਭਿੱਟਿਆ ਵੀ ਨਹੀਂ ਜਾਂਦਾ?
…..
ਕਰਦਾ ਹਾਂ ਪ੍ਰਹੇਜ਼,
ਕੁਰੰਗ ਵਿਚ ਮੂੰਹ ਪਾਉਣ ਤੋਂ
ਡਰਦਾ ਹਾਂ ਕਿ ਕਿਤੇ ਮੈਂ ਵੀ
ਅੱਜ-ਕੱਲ੍ਹ ਦੇ ‘ਇਨਸਾਨਾਂ’ ਵਿਚ,
ਸ਼ਾਮਿਲ ਨਾ ਹੋ ਜਾਵਾਂ!
…..
ਆਦਤ ਨਹੀਂ ਮੈਨੂੰ,
ਕਿਸੇ ਦੀ ‘ਜੂਠ’ ਚੱਟਣ ਦੀ
ਤੇ ਨਾ ਅਵਾਰਾ ਕੁੱਤੇ ਵਾਂਗ
ਟੁੱਟਿਆ ਕਲੀਂਡਰ ਗਲ਼ ਪਾ,
ਦਰ-ਦਰ ਭਟਕਣ
ਅਤੇ ਲੋਕਾਂ ਦੇ ਹਾਸੇ ਦਾ ਪਾਤਰ ਬਣਨ ਦੀ!
…..
ਨਾ ਤਾਂ ਖੜਕਾਈਆਂ ਜਾਂਦੀਆਂ ਨੇ ਮੈਥੋਂ ਟੱਲੀਆਂ
ਕਿਸੇ ਦੇਵਤੇ ਦੀ ਫ਼ੋਟੋ ਥਾਲ਼ੀ ਵਿਚ ਰੱਖ,
ਸਿਰਫ਼ ਪੇਟ ਭਰਨ ਵਾਸਤੇ!
ਤੇ ਨਾ ਪੱਥਰਾਂ ਨੂੰ ਧੂਫ਼ ਧੁਖ਼ਾਈ ਜਾਂਦੀ ਹੈ,
ਜੋ ਨਾ ਸੁਣਦੇ ਤੇ ਨਾ ਦੇਖਦੇ ਨੇ!
…..
ਰੋਟੀ ਦਾ ‘ਜੁਗਾੜ’ ਤਾਂ
ਅਵਾਰਾ ਕੁੱਤੇ ਵੀ ਕਰ ਲੈਂਦੇ ਨੇ!
ਕਮਾਉਣੀ ਤਾਂ ‘ਕੋਧਰੇ’ ਦੀ,
ਰੋਟੀ ਹੀ ਔਖੀ ਹੈ!
ਭੁੱਲ ਗਿਆ ਅੱਜ,
ਜ਼ਿੰਦਗੀ ਦਾ ਸਾਜ਼ ਮੈਨੂੰ
ਅੱਜ ਮੇਰੇ ਅਰਮਾਨ
ਵਿਰਲਾਪ ਕਰਦੇ ਨੇ!
…..
ਗਾਉਂਦਾ ਹੁੰਦਾ ਸੀ ਗੀਤ ਕੋਈ ਪੰਛੀ,
ਹੁਸੀਨ ਜ਼ਿੰਦਗੀ ਦੇ
ਅੱਜ ਨਿਰਜਿੰਦ ਸਾਹਮਣੇ ਪਿਆ ਹੈ!
ਪੰਛੀ ਨੂੰ ਰੋਵਾਂ ਕਿ ਮਰੇ ਗੀਤ ਨੂੰ?
ਤੜਫ਼ਣਾਂ ਤਾਂ ਦੋਹਾਂ ਲਈ ‘ਇੱਕੋ’ ਹੈ!
ਪੀਂਦੇ ਨੇ ਰੱਤ, ਤੇ ਕਰਦੇ ਨੇ ਕਲੋਲਾਂ
ਮਾਨੁੱਖੀ ਪਿੰਜਰਾਂ ਉਪਰ,
ਦੱਸੋ ਕਿਹੜੇ ਰੱਬ ਦੇ,
ਪੈਰੋਕਾਰ ਮੰਨ ਲਵਾਂ?
ਨਿਰਜਿੰਦ ਪੰਛੀ
This entry was posted in ਕਵਿਤਾਵਾਂ.
Bauth Badhia g ….