ਵਾਸਿੰਗਟਨ- ਅਮਰੀਕਾ ਦੀਆਂ ਦੋਵਾਂ ਰਾਜਨੀਤਕ ਪਾਰਟੀਆਂ ਡੈਮੋਕਰੇਟ ਅਤੇ ਰੀਪਬਲੀਕਨ ਵਿੱਚਕਾਰ ਕਰਜ ਨੂੰ ਲੈ ਕੇ ਪਿੱਛਲੇ ਕਈ ਦਿਨਾਂ ਤੋਂ ਚਲਿਆ ਆ ਰਿਹਾ ਸੰਕਟ ਇਸ ਸ਼ਰਤ ਤੇ ਖ਼ਤਮ ਹੋਇਆ ਹੈ ਕਿ ਸਰਕਾਰ ਆਪਣਾ ਖਰਚ ਘੱਟ ਕਰੇਗੀ ਅਤੇ ਟੈਕਸ ਵਧਾਵੇਗੀ। ਇਹ ਸੱਭ 2012 ਤੱਕ ਪੂਰਾ ਕਰਨਾ ਹੋਵੇਗਾ। ਅਮਰੀਕੀ ਸਰਕਾਰ ਹੁਣ ਤੱਕ ਕਰਜ਼ਾ ਲੈਣ ਦੀ ਸੀਮਾ ਨੂੰ 140 ਵਾਰ ਵਧਾਇਆ ਜਾ ਚੁੱਕਾ ਹੈ ਅਤੇ ਇਹ 14 ਟਰਿਲੀਅਨ ਡਾਲਰ ਤੋਂ ਉਪਰ ਪਹੁੰਚ ਗਿਆ ਹੈ।
ਓਬਾਮਾ ਸਰਕਾਰ ਨੇ ਵਿਰੋਧੀ ਧਿਰ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਅਗੱਸਤ ਤੋਂ ਹੀ ਖਰਚ ਘੱਟ ਕਰਨ ਅਤੇ ਟੈਕਸ ਵਧਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਸੈਨੇਟਰ ਮਿਚ ਮੈਕੋਨਿਲ ਨੇ ਰੀਪਬਲੀਕਨ ਨੂੰ ਮਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਸਮਝੌਤੇ ਦੇ ਤਹਿਤ ਅਗਲੇ 10 ਸਾਲਾਂ ਵਿੱਚ ਸਰਕਾਰੀ ਖਰਚਿਆਂ ਵਿੱਚ ਇੱਕ ਖਰਬ ਡਾਲਰ ਦੀ ਕਮੀ ਕੀਤੀ ਜਾਵੇਗੀ। ਓਬਾਮਾ ਨੇ ਇੱਕ ਕਮੇਟੀ ਬਣਾੳੇਣ ਦੀ ਵੀ ਘੋਸ਼ਣਾ ਕੀਤੀ ਜੋ ਖਰਚਿਆਂ ਵਿੱਚ ਕਟੌਤੀ ਕਰਨ ਸਬੰਧੀ ਨਵੰਬਰ ਤੱਕ ਆਪਣੀ ਰਿਪੋਰਟ ਸੌਂਪੇਗੀ। ਇਸ ਸਮਝੌਤੇ ਨੂੰ ਜਲਦੀ ਹੀ ਸੰਸਦ ਦੇ ਸਾਹਮਣੇ ਰੱਖਿਆ ਜਾਵੇਗਾ।ਇਹ ਇੱਕ ਬਹੁਤ ਵੱਡਾ ਸੰਕਟ ਸੀ, ਜਿਸ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਮਾਰਕਿਟ ‘ਚ ਭਾਰੀ ਚਿੰਤਾ ਸੀ। ਸੋ, ਹਾਲ ਦੀ ਘੜੀ ਸੰਕਟ ਟਲ ਗਿਆ ਹੈ।