ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਕੇਂਦਰਾਂ, ਖੇਤੀ ਸਲਾਹਕਾਰ ਸੇਵਾ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਸਾਂਝੀ ਰਾਜ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਕਿਹਾ ਹੈ ਕਿ ਖੇਤਾਂ ਦੀਆਂ ਖੇਤਰੀ ਸਮੱਸਿਆਵਾਂ ਨੂੰ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰਦੇ ਵਿਗਿਆਨੀਆਂ ਤੀਕ ਹੋਰ ਗਤੀਸ਼ੀਲਤਾ ਨਾਲ ਲੈ ਕੇ ਆਓ ਤਾਂ ਜੋ ਇਨ੍ਹਾਂ ਦਾ ਹੱਲ ਕਰਕੇ ਖੇਤੀ ਅਰਥਚਾਰੇ ਨੂੰ ਮਜ਼ਬੂਤ ਆਧਾਰ ਢਾਂਚਾ ਮਿਲ ਸਕੇ। ਉਨ੍ਹਾਂ ਆਖਿਆ ਕਿ ਵੱਖਰੇ ਵੱਖਰੇ ਖੇਤੀ ਮੌਸਮ ਖੇਤਰਾਂ ਦੀਆਂ ਵੱਖ ਵੱਖ ਸਮੱਸਿਆਵਾਂ ਹਨ ਅਤੇ ਵਿਗਿਆਨਕ ਨਜ਼ਰੀਏ ਨਾਲ ਇਹਨਾਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਮੁਖ ਕੇਂਦਰ ਵਿੱਚ ਕੰਮ ਕਰਦੇ ਵਿਗਿਆਨੀਆਂ ਤੀਕ ਨਾਲੋ ਨਾਲ ਪਹੁੰਚਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਖੋਜ ਅਤੇ ਤਕਨਾਲੋਜੀ ਤਬਾਦਲਾ ਪ੍ਰੋਗਰਾਮ ਦੀ ਨੇੜਤਾ ਹੋਰ ਵਧਾ ਕੇ ਅਸਰਦਾਰ ਢੰਗ ਨਾਲ ਹਰ ਪਿੰਡ ਦੇ ਹਰ ਕਿਸਾਨ ਤੀਕ ਪਹੁੰਚਣ ਦਾ ਯਤਨ ਕੀਤਾ ਜਾਵੇ।
ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਮਾਹਿਰਾਂ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਝੋਨੇ ਦੀ ਫ਼ਸਲ ਮੁਖ ਤੌਰ ਤੇ ਬਹੁਤ ਸੋਹਣੀ ਪਲ ਰਹੀ ਹੈ। ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਪਸਾਰ ਮਾਹਿਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੂਸਾ 1121 ਕਿਸਮ ਨੂੰ ਜੜ੍ਹ ਗਲ੍ਹਣ ਦਾ ਰੋਗ ਵੇਖਣ ਵਿੱਚ ਆਇਆ ਹੈ । ਜਲੰਧਰ ਵਿੱਚ ਝੋਨੇ ਤੇ ਜ਼ਿੰਕ ਦੀ ਕਮੀ ਪਾਈ ਗਈ ਹੈ। ਪਸਾਰ ਮਾਹਿਰਾਂ ਨੇ ਦੱਸਿਆ ਕਿ ਇਸ ਵਾਰ ਬਹੁਤ ਰਕਬਾ ਬਾਸਮਤੀ ਦੀ ਕਿਸਮ ਪੂਸਾ 1121 ਅਧੀਨ ਆ ਗਿਆ ਹੈ। ਮਾਹਿਰਾਂ ਨੂੰ ਦੱਸਿਆ ਗਿਆ ਕਿ ਜੜ੍ਹਾਂ ਗਲ੍ਹਣ ਦਾ ਰੋਗ ਰੋਕਿਆ ਜਾ ਸਕਦਾ ਸੀ ਜੇਕਰ ਸਮੇਂ ਸਿਰ ਬੀਜ ਸੋਧ ਕਰ ਲਈ ਜਾਂਦੀ । ਨਿਰਦੇਸ਼ਕ ਪਸਾਰ ਸਿੱਖਿਆ ਨੇ ਆਖਿਆ ਕਿ ਸਰਵਪੱਖੀ ਕੀਟ ਕੰਟਰੋਲ ਨੂੰ ਹੋਰ ਵਧੇਰੇ ਸ਼ਕਤੀ ਨਾਲ ਆਮ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ ਜਾਵੇ। ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਖੇਤਾਂ ਵਿੱਚ ਕੁਝ ਪਰਖ਼ ਤਜਰਬੇ ਬੀਜਿਆ ਕਰਨ ਤਾਂ ਜੋ ਇਹ ਕੇਂਦਰ ਇਲਾਕੇ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਸਕਣ। ਅੰਗੂਰਾਂ ਦੀਆਂ ਵੇਲਾਂ ਦੀ ਕਾਸ਼ਤ, ਸਿਉਂਕ ਦੀ ਰੋਕਥਾਮ ਲਈ ਕੀਟ ਨਾਸ਼ਕ ਜ਼ਹਿਰਾਂ, ਸੂਰਜਮੁਖੀ ਦਾ ਘੱਟ ਰਿਹਾ ਝਾੜ, ਬੀ ਟੀ ਨਰਮੇ ਦੀ ਕੰਢੀ ਖੇਤਰ ਵਿੱਚ ਹਾਲਤ ਅਤੇ ਝੋਨੇ ਦੀਆਂ ਵੱਖ ਵੱਖ ਕਿਸਮਾਂ ਦੀ ਕਾਸ਼ਤ ਵਰਗੇ ਵਿਸ਼ਿਆਂ ਤੇ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ। ਪੱਤਿਆਂ ਦਾ ਝੁਲਸ ਰੋਗ, ਜੜ੍ਹ ਦਾ ਗਲ੍ਹਣਾ ਅਤੇ ਭੁਰੜ ਰੋਗ ਤੋਂ ਪੀੜਤ ਝੋਨੇ ਦੀਆਂ ਵੱਖ ਵੱਖ ਕਿਸਮਾਂ ਬਾਰੇ ਵੀ ਪਸਾਰ ਮਾਹਿਰਾਂ ਨੇ ਜਾਣਕਾਰੀ ਦਿੱਤੀ। ਬਾਸਮਤੀ ਦੀ ਸਿੱਧੀ ਬੀਜਾਈ, ਚਿੱਟੀ ਮੱਖੀ ਦਾ ਵਾਧਾ, ਸਿਉਂਕ, ਤੇਲਾ ਅਤੇ ਚੇਪਾ ਤੋਂ ਪ੍ਰਭਾਵਿਤ ਨਰਮੇ ਕਪਾਹ ਦੀ ਫ਼ਸਲ, ਪਾਪਲਰ ਦੀ ਕਾਸ਼ਤ ਨੂੰ ਦਰਪੇਸ਼ ਸਮੱਸਿਆਵਾਂ, ਗੁਰਦਾਸਪੁਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਇੱਕ ਅੱਖ ਤਕਨੀਕ ਨਾਲ ਕਮਾਦ ਦੀ ਕਾਸ਼ਤ ਬਾਰੇ ਵੀ ਮਾਹਿਰਾਂ ਨੇ ਵਿਚਾਰ ਵਟਾਂਦਰਾ ਕੀਤਾ।
ਹਲਦੀ ਅਤੇ ਝੋਨੇ ਦੀ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ, ਮੈਟ ਟਾਈਪ ਨਰਸਰੀ ਨੂੰ ਡੋਬਾ ਵਿਧੀ ਨਾਲ ਰੋਗ ਮੁਕਤ ਕਰਨਾ, ਮੂੰਗੀ ਦੀ ਪਕਾਈ ਸਮੇਂ ਮੀਂਹ ਕਾਰਨ ਫੁਟਾਰਾ, ਮੂੰਗੀ ਵਿੱਚ ਗਰਾਮੁਕਸੋਨ ਨਦੀਨ ਨਾਸ਼ਕ ਦੀ ਰਹਿੰਦ ਖੁਹੰਦ, ਮੂੰਗਫਲੀ ਵਿੱਚ ਸਿਉਂਕ ਦੀ ਸਮੱਸਿਆ, ਗੰਨੇ ਦੀ ਫ਼ਸਲ ਦੇ ਰੱਤਾ ਰੋਗ ਗ੍ਰਸ਼ਤ ਹੋਣਾ ਆਦਿ ਵਿਸ਼ਿਆਂ ਤੇ ਪਰਤੀ ਸੂਚਨਾ ਖੇਤੀਬਾੜੀ ਯੂਨੀਵਰਸਿਟੀ ਵਿਗਿਆਨੀਆਂ ਤੀਕ ਪਹੁੰਚਾਈ ਗਈ। ਇਸ ਮੌਕੇ ਬਹੁ ਵਿਸ਼ਿਆਂ ਤੋਂ ਸਬੰਧਿਤ ਵਿਗਿਆਨੀਆਂ ਦੀ ਟੀਮ ਗਠਿਤ ਕੀਤੀ ਗਈ ਜਿਸ ਦਾ ਮੁਖ ਟੀਚਾ ਹੁਸ਼ਿਆਰਪੁਰ ਦੇ ਨੇੜਲੇ ਭਾਗਾਂ ਵਿੱਚ ਗੰਨੇ ਅਤੇ ਪਾਪਲਰ ਸੰਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਇਕੱਠਾ ਕਰਕੇ ਢੁੱਕਵਾਂ ਹੱਲ ਕਿਸਾਨਾਂ ਤਕ ਪਹੁੰਚਾਉਣਾ ਹੈ।