ਬੀਜਿੰਗ- ਚੀਨ ਦੇ ਸਿਨਜਿਆਂਗ ਸੂਬੇ ਵਿੱਚ ਦੋ ਤਿੰਨ ਦਿਨ ਤੋਂ ਚਲ ਰਹੀ ਹਿੰਸਾ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਚੀਨ ਨੇ ਕਿਹਾ ਹੈ ਕਿ ਸਿਨਜਿਆਂਗ ਵਿੱਚ ਹੋ ਰਹੀ ਹਿੰਸਾ ਦੇ ਪਿੱਛੇ ਊਈਗਰ ਦਹਿਸ਼ਤਗਰਦਾਂ ਦਾ ਹੱਥ ਹੈ, ਜਿਨ੍ਹਾਂ ਨੂੰ ਪਾਕਿਸਤਾਨ ਤੋਂ ਟਰੇਨਿੰਗ ਮਿਲ ਰਹੀ ਹੈ। ਗੁਲਾਮ ਕਸ਼ਮੀਰ ਦੀ ਸੀਮਾ ਨਾਲ ਲਗਣ ਵਾਲੇ ਸਿਨਜਿਆਂਗ ਸੂਬੇ ਵਿੱਚ ਹੋਈਆਂ ਹਿੰਸਕ ਘਟਨਾਵਾਂ ਵਿੱਚ 22 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ ਵਲੋਂ ਅਧਿਕਾਰਕ ਤੌਰ ਤੇ ਦਿੱਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਹਿੰਸਾ ਬਾਰੇ ਕੀਤੀ ਗਈ ਜਾਂਚ ਤੋਂ ਬਾਅਦ ਪਾਕਿਸਤਾਨ ਤੋਂ ਟਰੇਂਡ ਕੀਤੇ ਗਏ ਈਸਟ ਤੁਰਿਕਸਤਾਨ ਇਸਲਾਮਿਕ ਮੂਵਮੈਂਟ ਦੇ ਅਤਵਾਦੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਸਿਨਜਿਆਂਗ ਸੂਬੇ ਵਿੱਚ ਅਤਵਾਦੀ ਹਮਲਿਆਂ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਵਿੱਚ ਹੱਥਿਆਰ ਚਲਾਉਣ ਅਤੇ ਵਿਸਫੋਟ ਬਣਾਉਣ ਦੀ ਟਰੇਨਿੰਗ ਹਾਸਿਲ ਕੀਤੀ ਹੈ। ਇਹ ਪਹਿਲਾ ਮੌਕਾ ਹੈ ਜਦ ਕਿ ਚੀਨ ਨੇ ਆਪਣੇ ਦੇਸ਼ ਵਿੱਚ ਹੋ ਰਹੀਆਂ ਅਤਵਾਦੀ ਵਾਰਦਾਤਾਂ ਲਈ ਪਾਕਿਸਤਾਨ ਤੇ ਦੋਸ਼ ਲਗਾਏ ਹਨ।