ਲੰਡਨ- ਬ੍ਰਿਟੇਨ ਦੇ ਇੱਕ ਅਖਬਾਰ ਨੇ ਸਿਟਿੰਗ ਅਪਰੇਸ਼ਨ ਦੁਆਰਾ ਇਹ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਚਲ ਰਹੇ ਕਾਲ ਸੈਂਟਰਾਂ ਦੇ ਕਰਮਚਾਰੀ ਬ੍ਰਿਟਿਸ਼ ਲੋਕਾਂ ਦੇ ਬੈਂਕ ਅਤੇ ਕਰੈਡਿਟ ਕਾਰਡ ਸਬੰਧੀ ਜਾਣਕਾਰੀਆਂ ਕੌਡੀਆਂ ਦੇ ਭਾਅ ਵੇਚ ਰਹੇ ਹਨ।
ਬ੍ਰਿਟੇਨ ਦੇ ‘ਦੀ ਸਨ’ ਅਖ਼ਬਾਰ ਨੇ ਸਿਟਿੰਗ ਅਪਰੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਲ ਸੈਂਟਰ ਦੇ ਇੱਕ ਸਾਬਕਾ ਕਰਮਚਾਰੀ ਦੀਪਕ ਨੇ ਇੱਕ ਕੰਪਨੀ ਦੇ ਬ੍ਰਿਟਿਸ਼ ਗਾਹਕਾਂ ਦੀ ਵਿਤੀ ਅਤੇ ਨਿਜੀ ਜਾਣਕਾਰੀ ਲੀਕ ਕਰਨ ਦੀ ਪੇਸ਼ਕਸ਼ ਕੀਤੀ। ਅਖ਼ਬਾਰ ਦੀ ਟੀੰ ਮ ਨੇ ਆਪਣੇ ਆਪ ਨੂੰ ਨੇਪਾਲ ਦੀ ਨਕਲੀ ਬੀਮਾ ਕੰਪਨੀ ਦੇ ਅਧਿਕਾਰੀ ਦੇ ਰੂਪ ਵਿੱਚ ਪੇਸ਼ ਕੀਤਾ। ਦੀਪਕ ਨੇ ਸੈਂਪਲ ਦੇ ਤੌਰ ਤੇ 21 ਬਾਰਕਲੇਜ਼ ਐਂਡ ਲਾਇਡਜ਼ ਟੀਐਸਬੀ ਦੇ ਗਾਹਕਾਂ ਦੀ ਇੱਕ ਸੂਚੀ ਭੇਜੀ। ਦੀਪਕ ਬਾਅਦ ਵਿੱਚ ਗੁੜਗਾਂਓ ਦੇ ਇੱਕ ਕੈਫ਼ੇ ਵਿੱਚ ਟੀਮ ਨੂੰ ਮਿਲਿਆ। ਟੀਮ ਨੇ ਉਸ ਦੇ ਲੈਪਟਾਪ ਤੋਂ ਬ੍ਰਿਟਿਸ਼ ਗਾਹਕਾਂ ਦੀ ਪੂਰੀ ਜਾਣਕਾਰੀ ਹਾਸਿਲ ਕੀਤੀ। ਦੀਪਕ ਨੇ ਇੱਕ ਹਜ਼ਾਰ ਗਾਹਕਾਂ ਦੀ ਜਾਣਕਾਰੀ ਸਿਰਫ਼ 250 ਪੌਂਡ (18,000 ਰੁਪੈ) ਵਿੱਚ ਟੀਮ ਨੂੰ ਸੌਂਪ ਦਿੱਤੀ।
ਅਖ਼ਬਾਰ ਵਲੋਂ ਕਿਹਾ ਗਿਆ ਹੈ, ‘ਸਾਨੂੰ ਬੈਂਕ ਖਾਤਿਆਂ ਦੀ ਜਾਣਕਾਰੀ,ਵਿਅਕਤੀਗਤ ਜਾਣਕਾਰੀ ਅਤੇ ਕਰੈਡਿਟ ਕਾਰਡ ਸੰਖਿਆ ਤਿੰਨ ਅੰਕਾਂ ਵਾਲੇ ਕਾਰਡ ਵੈਰੀਫਿਕੇਸ਼ਨ ਵੈਲਿਯ (ਸੀਵੀਵੀ) ਸੁਰੱਖਿਆ ਕੋਡ ਦੇ ਨਾਲ ਮੁਹਈਆ ਕਰਵਾਏ ਗਏ। ਸੀਵੀਵੀ ਵੈਬਸਾਈਟ ਜਾਂ ਫ਼ੋਨ ਤੇ ਬੈਂਕਿੰਗ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਆਨਲਾਈਨ ਪਾਸਵਰਡ ਵੀ ਦਿਤੇ ਗਏ।’ ਟੀਮ ਦਾ ਦਾਅਵਾ ਹੈ ਕਿ ਉਸ ਨੇ ਵੈਬਸਾਈਟ ਦੁਆਰਾ ਹੀ ਡੀਲਰਾਂ ਨੂੰ ਖੋਜਿਆ। ਭਾਰਤੀ ਵਪਾਰੀ ਇਸ ਵੈਬਸਾਈਟ ਰਾਹੀਂ ਹੀ ਜਾਣਕਾਰੀਆਂ ਖ੍ਰੀਦਣ ਵਾਲਿਆਂ ਨੂੰ ਖੋਜਦੇ ਹਨ। ਦੀਪਕ ਨੇ ਇਹ ਵੀ ਕਿਹਾ ਕਿ ਉਸ ਕੋਲ 9 ਕਾਲ ਸੈਂਟਰਾਂ ਵਿੱਚ 25 ਤੋਂ ਵੀ ਵੱਧ ਕਰਮਚਾਰੀ ਅਜਿਹੇ ਹਨ ਜੋ ਉਸ ਲਈ ਕੰਮ ਕਰਦੇ ਹਨ। ਦੀਪਕ ਨੇ ਇਹ ਦਾਅਵਾ ਕੀਤਾ ਕਿ ਹਰ ਹਫ਼ਤੇ ਬ੍ਰਿਟੇਨ ਦੇ ਪੰਜ ਹਜ਼ਾਰ ਕਰੈਡਿਟ ਕਾਰਡ ਧਾਰਕਾਂ, 25 ਹਜ਼ਾਰ ਬੈਂਕ ਖਾਤਿਆਂ ਅਤੇ 50 ਹਜ਼ਾਰ ਲੋਕਾਂ ਦੀ ਵਿਅਕਤੀਗਤ ਜਾਣਕਾਰੀਆਂ ਵੇਚ ਸਕਦਾ ਹੈ। ਇਸ ਰਿਪੋਰਟ ਨੇ ਭਾਰਤ ਦੇ ਡੈਟਾ ਸੁਰੱਖਿਆ ਕਨੂੰਨ ਤੇ ਸਵਾਲ ਖੜ੍ਹੇ ਕੀਤੇ ਹਨ। ਬ੍ਰਿਟੇਨ ਵਿੱਚ ਇਹ ਮੰਗ ਵੀ ਉਠਾਈ ਜਾ ਰਹੀ ਹੈ ਕਿ ਬ੍ਰ੍ਰਿਟੇਨ ਦੀਆਂ ਕੰਪਨੀਆਂ ਭਾਰਤ ਵਿੱਚ ਆਪਣੇ ਕਾਲ ਸੈਂਟਰ ਬੰਦ ਕਰਨ।