ਨਵੀਂ ਦਿੱਲੀ- ਦਿੱਲੀ ਮੈਟਰੋ ਦਾ ਇਹ ਉਦੇਸ਼ ਸੀ ਕਿ ਇਸ ਸਾਲ ਦੇ ਅੰਤ ਤੱਕ ਮੈਟਰੋ ਵਿੱਚ ਰੋਜ਼ਾਨਾ 20 ਲੱਖ ਲੋਕ ਸਫ਼ਰ ਕਰਨਗੇ। 2002 ਤੱਕ ਸਿਰਫ਼ 82,000 ਲੋਕ ਹੀ ਮੈਟਰੋ ਦੀ ਸਵਾਰੀ ਕਰਦੇ ਸਨ। ਜਿਵੇਂ- ਜਿਵੇਂ ਮੈਟਰੋ ਦਾ ਖੇਤਰ ਵੱਧਦਾ ਗਿਆ ਤਾਂ ਸਫ਼ਰ ਕਰਨ ਵਾਲੇ ਵੀ ਵੱਧਦੇ ਗਏ।
ਦਿੱਲੀ ਮੈਟਰੋ ਨੇ ਸੋਮਵਾਰ ਨੂੰ 18 ਲੱਖ ਤੋਂ ਵੱਧ ਲੋਕਾਂ ਨੂੰ ਆਪਣੀਆਂ ਟਰੇਨਾਂ ਤੇ ਸਫ਼ਰ ਕਰਵਾਇਆ। ਰਾਜਧਾਨੀ ਦਿੱਲੀ ਵਿੱਚ ਮੈਟਰੋ ਨੇ ਇਹ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇੱਕ ਦਿਨ ਪਹਿਲਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ 18.30 ਲੱਖ ਲੋਕਾਂ ਨੇ ਮੈਟਰੋ ਦੀ ਸਵਾਰੀ ਕੀਤੀ। ਇਨ੍ਹਾਂ ਵਿੱਚੋਂ 7.30 ਲੱਖ ਲੋਕਾਂ ਨੇ ਵੈਸ਼ਾਲੀ- ਨੋਇਡਾ ਤੋਂ ਦਵਾਰਕਾ, 6.41 ਲੱਖ ਲੋਕਾਂ ਨੇ ਗੁੜਗਾਂਵ ਅਤੇ 2.98 ਲੱਖ ਯਾਤਰੀਆਂ ਨੇ ਰਿਠਾਲਾ ਲਾਈਨ ਤੇ ਮੈਟਰੋ ਵਿੱਚ ਸਫ਼ਰ ਦਾ ਅਨੰਦ ਮਾਣਿਆ। ਇਸ ਤੋਂ ਪਹਿਲਾਂ 25 ਜੁਲਾਈ ਨੂੰ 17.71 ਲੱਖ ਲੋਕਾਂ ਨੇ ਮੈਟਰੋ ਦੀ ਸਵਾਰੀ ਕਰਕੇ ਰਿਕਾਰਡ ਬਣਾਇਆ ਸੀ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਯਾਤਰੀਆਂ ਦੀ ਸੰਖਿਆ ਵਿੱਚ ਢਾਈ ਲੱਖ ਦਾ ਵਾਧਾ ਹੋਇਆ ਹੈ।