ਲੁਧਿਆਣਾ- ਕਤਲ ਦੇ ਅਰੋਪ ਵਿੱਚ ਜੇਲ੍ਹ ਵਿੱਚ ਬੰਦ ਪੁਲਿਸ ਦੇ ਸਾਬਕਾ ਸਿਪਾਹੀ ਤੋਂ ਅਫ਼ੀਮ ਅਤੇ ਤਿੰਨ ਹਜ਼ਾਰ ਰੁਪੇ ਨਕਦ ਬਰਾਮਦ ਹੋਏ। ਉਸ ਨੇ ਰੁਪੈ ਸਿਰ ਤੇ ਬੰਨ੍ਹੇ ਪਰਨੇ ਵਿੱਚ ਛੁਪਾਏ ਹੋਏ ਸਨ ਅਤੇ ਅਫ਼ੀਮ ਪੈਰ ਤੇ ਬੰਨ੍ਹੀ ਹੋਈ ਪੱਟੀ ਵਿੱਚ ਛੁਪਾਈ ਸੀ।
ਅਰੋਪੀ ਸੁਖਵਿੰਦਰ ਸਿੰਘ ਥਾਪਰ ਕਲੋਨੀ ਜਲੰਧਰ ਦਾ ਵਸਨੀਕ ਹੈ। ਅਰੋਪੀ ਨੇ ਛਾਪਾ ਮਾਰਨ ਗਈ ਡਿਵੀਯਨ ਨੰਬਰ ਚਾਰ ਪੁਲਿਸ ਦੇ ਐਸਐਚਓ ਬ੍ਰਿਜਮੋਹਨ ਤੇ ਗੋਲੀ ਚਲਾ ਦਿੱਤੀ ਸੀ। ਪੁਲਿਸ ਨੇ ਉਸ ਦੇ ਪੁੱਤਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਸੀ। ਅਰੋਪੀ ਦੇ ਪੁੱਤਰ ਦੇ ਖਿਲਾਫ਼ ਵੀ ਕਤਲਾਨਾ ਹਮਲੇ ਦੇ ਅਰੋਪ ਦਾ ਮਾਮਲਾ ਦਰਜ ਹੈ। ਸੁਖਵਿੰਦਰ ਸਿੰਘ ਨੂੰ ਸਾਬੀ ਨਾਂ ਦਾ ਕੋਈ ਵਿਅਕਤੀ ਮਿਲਣ ਆਇਆ ਸੀ। ਉਸ ਨੇ ਤਿੰਨ ਹਜ਼ਾਰ ਰੁਪੈ ਨਕਦ ਅਤੇ 15 ਗਰਾਮ ਅਫ਼ੀਮ ਸੁਖਵਿੰਦਰ ਨੂੰ ਦਿੱਤੀ। ਅਰੋਪੀ ਸੂਗਰ ਦਾ ਮਰੀਜ ਹੈ ਅਤੇ ਉਸ ਦੇ ਪੈਰ ਤੇ ਜਖਮ ਹੈ ਜਿਸ ਉਪਰ ਉਹ ਪੱਟੀ ਬੰਨ੍ਹ ਕੇ ਰੱਖਦਾ ਹੈ। ਉਸ ਨੇ ਪੱਟੀ ਖੋਲ੍ਹ ਕੇ ਅਫ਼ੀਮ ਉਸ ਵਿੱਚ ਛੁਪਾ ਲਈ ਅਤੇ ਰੁਪੈ ਪਰਨੇ ਵਿੱਚ ਛੁਪਾ ਲਏ। ਮੁਲਾਕਾਤ ਤੋਂ ਬਾਅਦ ਜਦੋਂ ਉਹ ਅੰਦਰ ਜਾਣ ਲਗਾ ਤਾਂ ਜੇਲ੍ਹ ਕਰਮਚਾਰੀਆਂ ਨੂੰ ਸ਼ਕ ਪੈਣ ਤੇ ਉਸ ਦੀ ਤਲਾਸ਼ੀ ਲਈ ਅਤੇ ੳਹ ਪਕੜਿਆ ਗਿਆ।