ਮਿਡਲੈਂਡ ਦਾ ਮਸ਼ਹੂਰ ਮੇਲਾ ਬਰਮਿੰਘਮ ਦਾ ਸ਼ਹੀਦੀ ਟੂਰਨਾਮੈਂਟ ਕਾਮਯਾਬੀ ਨਾਲ ਸਿਰੇ ਚੜਿਆ। ਜੀ. ਐਨ. ਜੀ. ਕਬੱਡੀ ਕਲੱਬ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਦੀ ਪ੍ਰਬੰਧਕੀ ਕਮੇਟੀ ਵਲੋਂ ਕਰਵਾਏ ਇਸ ਟੂਰਨਾਮੈਂਟ ਵਿਚ ਦਰਸ਼ਕਾਂ ਦੀ ਭਰਵੀ ਹਾਜਰੀ ਰਹੀ। ਕਬੱਡੀ ਕਲੱਬ ਦੇ ਪ੍ਰਧਾਨ ਅਤੇ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ ਜਸਵਿੰਦਰ ਸਿੰਘ ਨਿੰਨੀ ਸਹੋਤਾ, ਰਵਿੰਦਰ ਸਿੰਘ ਪਵਾਰ, ਪਰਮਜੀਤ ਸਿੰਘ ਸਿੱਧੂ, ਹਰਨੇਕ ਮੈਰੀਪੁਰ ਅਤੇ ਗੁਰੂ ਘਰ ਦੇ ਪ੍ਰਧਾਨ ਸ. ਚੂਹੜ ਸਿੰਘ ਧਾਰੀਵਾਲ, ਮੀਤ ਪ੍ਰਧਾਨ ਅਮਰੀਕ ਸਿੰਘ ਸਹੋਤਾ, ਸੈਕਟਰੀ ਰਣਵੀਰ ਸਿੰਘ ਅਤੇ ਸਪੋਰਟ ਮੈਨੇਜਰ ਪ੍ਰਕਾਸ਼ ਸਿੰਘ ਗਿੱਲ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਵਿਚ ਕਬੱਡੀ ਦੇ ਫਸਵੇਂ ਭੇੜ ਹੋਏ।
ਪਹਿਲੇ ਹੀ ਮੈਚ ਜੋ ਡਰਬੀ ਤੇ ਕਵੈਂਟਰੀ ਵਿਚਕਾਰ ਹੋਇਆ ਨੇ ਦਰਸ਼ਕਾਂ ਨੂੰ ਆਊਦਿਆਂ ਹੀ ਸੁਚੇਤ ਕਰ ਦਿੱਤਾ। ਮੈਛ ਦੇ ਅੱਧ ਤੱਕ ਡਰਬੀ ਦੀ ਟੀਮ ਸਾਢੇ 17 ਦੇ ਮੁਕਾਬਲੇ 19 ਅੰਕਾਂ ਨਾਲ ਪਛੜ ਰਹੀ ਸੀ। ਮੈਚ ਦੇ ਅਗਲੇ ਅੱਧ ਵਿਚ ਡਰਬੀ ਦੀਆਂ ਨਜਰਾਂ ਸੰਦੀਪ ਦੇ ਜੱਫਿਆਂ ਤੇ ਟਿਕੀਆਂ ਸਨ। ਉਹੀ ਗੱਲ ਹੋਈ ਸੰਦੀਪ ਨੇ ਦੂਜੇ ਅੱਧ ਵਿਚ ਮਨਿੰਦਰ ਸਰਾਂ, ਗੀਤਾ ਮੁਲਿਆਂ ਵਾਲੀ ਅਤੇ ਗੱਲਾ ਬਹੂਆ ਨੂੰ ਇਕ ਇਕ ਜੱਫਾ ਠੋਕ ਕੇ ਮੈਚ ਦਾ ਰੁੱਖ ਮੋੜ ਲਿਆ। ਅੰਤ ਡਰਬੀ 34 ਦੇ ਮੁਕਾਬਲੇ ਸਾਢੇ 36 ਅੰਕਾਂ ਨਾਲ ਜਿੱਤੀ। ਦੂਜਾ ਮੈਚ ਵਾਲਸਲ ਤੇ ਟੈਲਫੋਰਡ ਦੀਆਂ ਟੀਮਾਂ ਵਿਚਕਾਰ ਹੋਇਆ। ਮੈਚ ਇਹ ਵੀ ਫਸਵਾਂ ਹੀ ਰਿਹਾ। ਟੈਲਫੋਰਡ ਦੇ ਧਾਵੀ ਮੰਨਾ ਲਾਲਪੁਰਾ ਅਤੇ ਪੱਪੂ ਜੋਗੇਵਾਲ ਨੇ ਵਾਰੋ-ਵਾਰੀ ਕਬੱਡੀਆਂ ਪਾਈਆਂ। ਸਾਰੇ ਮੈਚ ਵਿਚ ਮੰਨੇ ਨੂੰ ਦੋ ਜੱਫੇ ਵਾਲਸਲ ਦੇ ਜਾਫੀ ਗੋਰਾ ਠੀਕਰੀਵਾਲ ਅਤੇ ਪੱਪੂ ਨੂੰ ਦੋ ਜੱਫੇ ਰਾਜਾ ਭਾਦਸੋਂ ਨੇ ਲਾਏ ਪਰ ਦੂਜੇ ਪਾਸੇ ਟੈਲਫੋਰਡ ਦਾ ਜਾਫੀ ਨਿੱਕਾ ਨਲ ਅੱਜ ਆਪਣੀ ਸਿਰੇ ਦੀ ਖੇਡ ਵਿਖਾ ਗਿਆ। ਨਿੱਕੇ ਨੇ ਵਾਲਸਲ ਦੇ ਧਾਵੀ ਜੱਗੀ ਗੋਰਸੀਆਂ ਨੂੰ ਇਕ, ਹੈਪੀ ਕਾਂਝਲਾ ਨੂੰ ਦੋ ਅਤੇ ਚੀਨਾ ਠੀਕਰੀਵਾਲ ਤਿੰਨ ਜੱਫੇ ਲਾ ਕੇ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ। ਟੈਲਫੋਰਡ ਨੇ ਇਹ ਮੈਚ ਸਾਢੇ 36 ਦੇ ਮੁਕਾਬਲੇ 38 ਅੰਕਾਂ ਨਾਲ ਜਿੱਤਆ।
ਸਲੋਹ ਤੇ ਹੁੱਲ ਦੀਆਂ ਟੀਮਾਂ ਵਿਚਕਾਰ ਹੋਏ ਫਸਵੇਂ ਮੁਕਾਬਲੇ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ। ਅੱਧੇ ਸਮੇਂ ਤੱਕ ਦੋਵੇਂ ਪਾਸੇ ਦੋ-ਦੋ ਜੱਫਿਆਂ ਨਾਲ ਅੰਕੜਾ ਹੁੱਲ ਦੇ ਸਾਢੇ 17 ਅਤੇ ਸਲੋਹ 18 ‘ਤੇ ਪਸਿਆ ਪਿਆ ਸੀ । ਦੂਜੇ ਅੱਧ ਵਿਚ ਜਦੋਂ ਹੱਲ ਦੇ ਜਾਫੀ ਰਣਜੀਤ ਨੇ ਇਸ ਸੀਜਨ ਦੇ ਬੈਸਟ ਬਣਨ ਜਾ ਰਹੇ ਸਲੋਹ ਦੇ ਧਾਵੀ ਅਬੈਦ ਅਬਦੁੱਲਾ ਉਰਫ ਲਾਲਾ ਨੂੰ ਆਪਣੇ ਜੱਫੇ ਵਿਚ ਨੂੜਿਆ ਤਾਂ ਦਰਸ਼ਕਾਂ ਨੇ ਤਾੜੀਆਂ ਨਾਲ ਦਾਦ ਦਿੱਤੀ ਪਰ ਸਲੋਹ ਦੇ ਜਾਫੀ ਕਾਲਾ ਮੁੰਡੀ ਸ਼ਹਿਰੀਆਂ ਵਲੋਂ ਹੁੱਲ ਦੁ ਧਾਵੀ ਜੱਸੂ ਸੈਦੋਂ ਨੂੰ ਲੱਗੇ 4 ਜੱਫਿਆਂ ਸਦਕਾ ਸਲੋਹ ਦੀ ਟੀਮ ਸਾਢੇ 34 ਦੇ ਮੁਕਾਬਲੇ 39 ਅੰਕਾਂ ਨਾਲ ਜਿੱਤੀ। ਈਰਥ ਤੇ ਗ੍ਰੇਵਜੈਂਡ ਵਿਚਕਾਰ ਵੀ ਅੱਧੇ ਸਮੇਂ ਤਕ ਫਸਵਾਂ ਜਿਹਾ ਸੰਘਰਸ਼ ਚੱਲਿਆਂ ਪਰ ਛੇਤੀ ਈਰਥ ਵਾਲੇ 23 ਦੇ ਮੁਕਾਬਲੇ ਸਾਢੇ 34 ਅੰਕਾਂ ਨਾਲ ਇਕ ਪਾਸਾ ਕਰ ਗਏ। ਗ੍ਰੇਵਜੈਂਡ ਦੇ ਜੱਫਾ ਨਾ ਖਾਣੇ ਧਾਵੀ ਸੰਦੀਪ ਦਿੜਬੇ ਨੂੰ ਈਰਥ ਦਾ ਜਾਫੀ ਦੋ ਵਾਰ ਰੋਕ ਕੇ ਆਪਣਾ ਜੋਰ ਵਿਖਾ ਗਿਆ। ਪੰਜਾਬ ਯੁਨਾਈਟਡ ਅਤੇ ਹੇਜ ਦਾ ਮੁਕਾਬਲਾ ਪਹਿਲੇ ਅੱਧ ਤੱਕ ਤਾਂ ਸਾਢੇ 7 ਅੰਕਾਂ ਦੇ ਵਾਧੇ ਨਾਲ ਪੰਜਾਬ ਯੁਨਾਈਟਡ ਦੇ ਹੱਕ ਵਿਚ ਰਿਹਾ ਪਰ ਬਾਅਦ ਵਿਚ ਹੇਜ ਦੇ ਜਾਫੀ ਗੋਰਾ ਮਰੂੜ ਦੇ ਜੱਫਿਆਂ ਨੇ ਮੈਚ ਬਰਾਬਰੀ ਵੱਲ ਖਿੱਚਣਾ ਜਾਰੀ ਰੱਖਿਆ। ਅੰਤ ਪੰਜਾਬ ਯੁਨਾਈਟਡ ਦੀ ਟੀਮ 34 ਦੇ ਮੁਕਾਬਲੇ ਸਾਢੇ 36 ਅੰਕਾਂ ਨਾਲ ਜਿੱਤ ਗਈ। ਇਸ ਮੈਚ ਵਿਚ ਪਾਲਾ ਜਲਾਲ ਅਤੇ ਹਰਵਿੰਦਰ ਰੱਬੋਂ ਨੇ 5-5 ਜੱਫੇ ਲਾਏ ਜਦਕਿ ਹੇਜ ਦੇ ਜਾਫੀ ਗੋਰਾ ਮਰੂੜ ਨੇ 4 ਅਤੇ ਮਨਪ੍ਰੀਤ ਡਾਲਾ ਨੇ 3 ਜੱਫੇ ਲਾਏ। ਸਿੱਖ ਟੈਂਪਲ ਕਬੱਡੀ ਕਲੱਬ ਵੁਲਵਰਹੈਪਟਨ ਅਤੇ ਬਰਮਿੰਘਮ ਦੀ ਟੱਕਰ ਵਿਚ ਸਿੱਖ ਟੈਂਪਲ ਬਾਜੀ ਮਾਰ ਗਈ। ਇਸਦੇ ਧਾਵੀ ਮੱਖਣ ਮੱਖੀ ਨੇ 21 ਬੇਰੋਕ ਕਬੱਡੀਆਂ ਪਾ ਕੇ ਕਮਾਲ ਦੀ ਖੇਡ ਵਿਖਾਈ। ਸਿੱਖ ਟੈਂਪਲ ਨੇ ਇਹ ਮੈਚ ਸਾਢੇ 34 ਦੇ ਮੁਕਾਬਲੇ 39 ਅੰਕਾਂ ਨਾਲ ਜਿੱਤਆ।
ਡਰਬੀ ਅਤੇ ਸਲੋਹ ਵਿਚਕਾਰ ਹੋਏ ਮੈਚ ਵਿਚ ਡਰਬੀ ਦੇ ਧਾਵੀ ਸੰਦੀਪ ਬਦੇਸ਼ਾ ਅਤੇ ਜਗਮੀਤ ਭੜਾਣਾ ਨੇ ਬੇਰੋਕ ਕਬੱਡੀਆਂ ਪਾਈਆਂ ਦੂਜੇ ਪਾਸੇ ਭਾਵੇਂ ਸਲੋਹ ਦੇ ਧਾਵੀ ਦੀਪਾ ਸੂੰਢ ਨੇ ਵੀ ਬੇਰੋਕ ਕਬੱਡੀਆਂ ਪਾਈਆਂ ਪਰ ਜਦੋਂ ਸੰਦੀਪ ਨੰਗਲ ਅੰਬੀਆਂ ਨੇ ਸਲੋਹ ਦੇ ਧਾਵੀ ਅਬੈਦ ਅਬਦੁੱਲਾ ਉਰਫ ਲਾਲਾ ਨੂੰ 2 ਜੱਫੇ ਲਾਏ ਤਾਂ ਦਰਸ਼ਕਾਂ ਦਾ ਮੂਡ ਵੇਖਣ ਵਾਲਾ ਸੀ ਡਰਬੀ ਨੇ ਇਹ ਮੈਚ ਸਾਢੇ 38 ਦੇ ਮੁਕਾਬਲੇ 44 ਅੰਕਾਂ ਨਾਲ ਜਿੱਤ ਲਿਆ। ਅਗਲੇ ਮੈਚ ਵਿਚ ਈਰਥ ਨੇ ਟੈਲਫੋਰਡ ਨੂੰ ਸੋਖਿਆਂ ਹੀ ਹਰਾ ਦਿੱਤਾ। ਇਵੇਂ ਹੀ ਪੰਜਾਬ ਯੁਨਾਈਟਡ ਨੇ ਲਿਸਟਰ ਨੂੰ ਅਤੇ ਪਹਿਲੇ ਸੈਮੀਫਾਈਨਲ ਈਰਥ ਨੇ ਸਿੱਖ ਟੈਂਪਲ ਨੂੰ ਹਰਾਇਆ।
ਦੂਜਾ ਸੈਮੀਫਾਈਨਲ ਡਰਬੀ ਅਤੇ ਪੰਜਾਬ ਯੁਨਾਈਟਡ ਟੈਲਫੋਰਡ-ਵੁਲਵਰਹੈਪਟਨ ਵਿਚਕਾਰ ਸੀ। ਇਸ ਤੇਜ ਤਰਾਰ ਮੈਚ ਵਿਚ ਪੰਜਾਬ ਯੁਨਾਈਟਡ ਦੇ ਜਾਫੀਆਂ ਪਾਲਾ ਜਲਾਲ, ਹਰਵਿੰਦਰ ਰੱਬੋਂ ਅਤੇ ਪਾਲਾ ਡਡਵਿੰਡੀ ਨੇ ਉਪਰੋ-ਥਲੀ ਜੱਫਿਆਂ ਨੇ ਅੱਧੇ ਸਮੇਂ ਤੱਕ ਹੀ ਡਰਬੀ ਦੇ ਧਾਵੀ ਸੁੱਖੀ ਪੱਡਾ ਨੂੰ ਛੱਡ ਕੇ ਬਾਕੀ ਦੇ ਧਾਵੀਆਂ ਜਗਮੀਤ, ਸੰਦੀਪ ਬਦੇਸ਼ਾ ਅਤੇ ਸਾਬੀ ਮੱਲੀਆਂ ਨੂੰ ਉਲਝਾ ਲਿਆ ਕਿ ਮੈਚ 18 ਦੇ ਮੁਕਾਬਲੇ ਸਾਢੇ 31 ਅੰਕਾਂ ਨਾਲ ਇਕ ਪਾਸੜ ਕਰ ਕੇ ਰੱਖ ਦਿੱਤਾ। ਦੂਜੇ ਅੱਧ ਵਿਚ ਵੀ ਡਰਬੀ ਦੀ ਟੀਮ ਆਪਣੀ ਲੈਅ ਵਿਚ ਵਾਪਸ ਨਹੀਂ ਪਰਤ ਸਕੀ ਅਤੇ ਸਾਢੇ 32 ਦੇ ਮੁਕਾਬਲੇ 47 ਅੰਕਾਂ ਨਾਲ ਹਾਰ ਕੇ ਬਾਹਰ ਹੋ ਗਈ। ਇਸ ਮੈਚ ਵਿਚ ਪਾਲਾ ਜਲਾਲਪੁਰ ਨੇ 5, ਪਾਲਾ ਡਡਵਿੰਡੀ ਨੇ 4 ਅਤੇ ਹਰਵਿੰਦਰ ਰੱਬੋਂ ਨੇ 3 ਜੱਫੇ ਲਾਏ। ਧਾਵੀ ਗੁਰਲਾਲ ਜਲਾਲਪੁਰ ਨੇ 15 ਬੇਰੋਕ ਕਬੱਡੀਆਂ ਪਾਈਆਂ।
ਫਾਈਨਲ ਮੈਚ ਪੰਜਾਬ ਯੁਨਾਈਟਡ ਅਤੇ ਈਰਥ ਦੀਆਂ ਟੀਮਾਂ ਵਿਚਕਾਰ ਸੀ। ਈਰਥ ਦੇ ਖਿਡਾਰੀਆ ਨੇ ਸ਼ੁਰੂ ਤੋਂ ਹੀ ਆਪਣੀ ਵਿਰੋਧੀ ਟੀਮ ‘ਤੇ ਦਬਦਬਾ ਬਣਾ ਕੇ ਰੱਖਿਆ। ਅੱਧੇ ਸਮੇਂ ਤਕ ਈਰਥ ਨੇ ਸਾਢੇ 4 ਅੰਕਾਂ ਦੀ ਲੀਡ ਬਣਾ ਰੱਖੀ ਸੀ। ਜੋ ਮੈਚ ਦੇ ਦੂਜੇ ਅੱਧ ਵਿਚ ਵਧਦੀ ਗਈ। ਈਰਥ ਨੇ 28 ਦੇ ਮੁਕਾਬਲੇ ਸਾਢੇ 42 ਅੰਕਾਂ ਨਾਲ ਜਿੱਤ ਕੇ ਬਰਮਿੰਘਮ ਦਾ ਕੱਪ ਚੱਕ ਲਿਆ। ਇਸ ਮੈਚ ਵਿਚ ਈਰਥ ਦੇ ਧਾਵੀ ਕਾਲਾ ਮੀਆਂਵਿੰਡ ਅਤੇ ਪਿੰਕੂ ਖਹਿਰਾ ਨੂੰ ਕੋਈ ਜੱਫਾ ਨਹੀਂ ਪਿਆ ਸਿਰਫ ਤੀਜੇ ਧਾਵੀ ਕਿੰਦੇ ਨੂੰ 2 ਜੱਫੇ ਪਾਲਾ ਜਲਾਲ ਨੇ ਹੀ ਲਾਏ। ਦੂਜੇ ਪਾਸੇ ਪੰਜਾਬ ਯੁਨਾਈਟਡ ਦੇ ਗੁਰਲਾਲ ਘਨੌਰ ਨੂੰ 2 ਜੱਫੇ ਬਲਕਾਰੇ ਨੇ ਲਾਏ। ਗੱਗੁ ਹਿੰਤਪੁਰ ਨੂੰ ਇਕ-ਇਕ ਜੱਫਾ ਦੀਪਾ ਘੁਰਲੀ ਅਤੇ ਮੁਸ਼ਰਫ ਜੰਜੂਆ ਨੇ ਲਾਇਆ। ਤੀਜੇ ਧਾਵੀ ਗੁਰਲਾਲ ਜਲਾਲਪੁਰ ਨੂੰ ਹੈਪੀ ਬਿਜਲੀ ਨੇ ਇਕ ਅਤੇ ਮੁਸ਼ਰਫ ਨੇ 3 ਜੱਫੇ ਲਾਏ। ਈਰਥ ਦਾ ਧਾਵੀ ਕਾਲਾ ਮੀਆਂਵਿੰਡ ਟੂਰਨਾਮੈਂਟ ਦਾ ਬੈਸਟ ਰੇਡਰ ਅਤੇ ਮੁਸ਼ਰਫ ਜੰਜੂਆ ਬੈਸਟ ਸਟਾਪਰ ਬਣਿਆ। ਅੱਜ ਈਰਥ ਦੇ ਖਿਡਾਰੀਆਂ ਨੇ ਬਰਮਿੰਘਮ ਦਾ ਕੱਪ ਜਿੱਤ ਕੇ ਟੀਮ ਦੇ ਮੁੱਖ ਪ੍ਰਮੋਰਟਰ ਸੁਰਿੰਦਰ ਮਾਣਕ ਦਾ ਈਰਥ ਵਿਖੇ ਹੋਈ ਹਾਰ ਦਾ ਉਲਾਂਭਾ ਲਾਹ ਦਿੱਤਾ।ਇਸ ਮੌਕੇ ਫੈਡਰੇਸ਼ਨ ਨੇ ਈਰਥ ਵਾਲੇ ਕੱਪ ਦਾ ਰੋਕਿਆ ਹੋਇਆ ਨਤੀਜਾ ਵੀ ਐਲਾਨਿਆ ਜਿਸ ਵਿਚ ਡਰਬੀ ਨੂੰ ਜੇਤੂ ਅਤੇ ਸਲੋਹ ਨੂੰ ਉਪ ਜੇਤੂ ਕਰਾਰ ਦਿੱਤਾ ਗਿਆ। ਈਰਥ ਵਾਲੇ ਕੱਪ ਦਾ ਬੈਸਟ ਧਾਵੀ ਸੁੱਖਾ ਪੱਡਾ ਅਤੇ ਬੈਸਟ ਜਾਫੀ ਸੰਦੀਪ ਨੰਗਲ ਅੰਬੀਆ ਰਿਹਾ।
ਟੂਰਨਾਮੈਂਟ ਦੇ ਪ੍ਰਬੰਧਕਾਂ ਸ. ਜਸਵਿੰਦਰ ਸਿੰਘ ਸਹੋਤਾ, ਰਵਿੰਦਰ ਸਿੰਘ ਪਵਾਰ, ਪਰਮਜੀਤ ਸਿੰਘ ਸਿੱਧੂ ਅਤੇ ਨੇਕਾ ਮੈਰੀਪੁਰ ਵਲੋਂ ਕਬੱਡੀ ਜਗਤ ਦੀਆਂ ਕੁਝ ਨਾਮੀ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚੋਂ ਸ. ਸ਼ਮਿੰਦਰ ਸਿੰਘ ਧਾਰੀਵਾਲ ਅਤੇ ਇਕਬਾਲ ਸਿੰਘ ਬਾਲਾ ਅਟਵਾਲ ਦੋਵੇਂ ਸਾਬਕਾ ਪ੍ਰਧਾਨ ਇੰਗਲੈਂਡ ਕਬੱਡੀ ਫੈਡਰੇਸ਼ਨ, ਬਾਬਾ ਗੁਰਦੇਵ ਸਿਂਘ ਹਰੀਆ ਵੇਲਾਂ ਵਾਲੇ, ਸੋਹਣ ਸਿੰਘ ਚੀਮਾ ਅਤੇ ਸ. ਹਰਭਜਨ ਸਿੰਘ ਭਜੀ ਪ੍ਰਧਾਨ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਸੁਰਿੰਦਰ ਮਾਣਕ ਜਨਰਲ ਸੈਕਟਰੀ ਦਾ ਨਾਂ ਵਿਸ਼ੇਸ਼ ਹੈ। ਟੂਰਨਾਮੈਂਟ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਅਰਵਿੰਦਰ ਕੋਛੜ, ਭਿੰਦਾ ਮੁਠੱਡਾ, ਸੋਖਾ ਢੇਸੀ ਅਤੇ ਕਲੇਰ ਨੇ ਕੀਤੀ।