ਸੜਿਆ ਬਲਿਆ ਸਾਵਣ ਆਇਆ,
ਡਾਢ੍ਹਾ ਮਨ ਤਪਾਵਣ ਆਇਆ ।
ਅੱਗ ਬਿਰਹੋਂ ਦੀ ਸੀਨੇ ਮਚੀ ,
ਤੇਲ ਬਲਦੀ ਤੇ ਪਾਵਣ ਆਇਆ ।
ਕਢੀਆਂ ਜਾਨਵਰਾਂ ਨੇ ਜੀਭਾਂ ,
ਪਰਿੰਦਿਆਂ ਨੂੰ ਫ਼ੜਕਾਵਣ ਆਇਆ ।
ਬੇ- ਰਹਿਮੀ ਜਿਸ ਕਰ ਵਿਖਾਈ ,
ਨਾ ਇਹ ਪਿਆਰ ਜਿਤਾਵਣ ਆਇਆ ।
ਮੋਈਆਂ – ਮੋਈਆਂ ਚੀਜ਼- ਵਹੁਟੀਆਂ,
ਸੜ ਬਲ ਕੇ ਉਹ ਮਰ ਗਈਆਂ ਨੇ ।
ਲਾਲ ਜ਼ਰੀ ਦਾ ਪਾ ਕੇ ਸੂਟ .
ਬਲੀ ਸਉਣ ਦੀ ਚੜ੍ਹ ਗਈਆਂ ਨੇ ।
ਪਿੱਪਲ ਰੁੰਡ_ ਮਰੁੰਡੇ ਹੇ ਗਏ ,
ਬੋਹੜਾਂ ਹੇਠ ਨਾ ਬਹਿੰਦੇ ਲੋਕ ।
ਕਿੱਥੇ ਕੁੜੀਆਂ ਪੀਂਘਾਂ ਝੂਟਣ ,
ਇਹ ਗੱਲ ਸਾਰੇ ਕਹਿੰਦੇ ਨੇ ।
ਹੁਣ ਤੀਆਂ ਲਗੱਣ ਫ਼ਰਜੀ ਤੀਆਂ,
ਵਿਰਸੇ ਦਾ ਦੁੱਖ ਸਹਿੰਦੇ ਨੇ ।
ਸਹੁਰਿਉਂ ਕੁੜੀ ਨਾ ਪੇਕੇ ਆਵੇ ,
ਲੋਕ ਸੋਚਾਂ ਵਿਚ ਰਹਿੰਦੇ ਨੇ ।
ਕੀਹ ! ਸਾਵਣ ਤੂੰ ਚੰਨ ਚੜ੍ਹਾਇਆ ,
ਸੱਭਿਆਚਾਰ ਵੀ ਮਾਰ ਮੁਕਾਇਆ ।
ਏਨੀਆਂ ਲਮੀਆਂ ਵਿਥਾਂ ਪਾ ਕੇ ,
ਤੇਰੇ ਹੱਥ ਵੀ ਕੁਝ ਨਾ ਆਇਆ ।
ਸੀ ਤੈਥੋਂ ਚੰਗਾ ਜੇਠ ਤੇ ਹਾੜ ,
ਮਾਹੀਆ ਨਾ ਜਿਸ ਯਾਦ ਕਰਾਇਆ ।
ਸਾਡੇ ਵਿਹੜੇ ਬਹਿ ਕੇ ਕੁੜੀਆਂ ,
ਤੀਆਂ ਦਾ ਕੋਈ ਗੀਤ ਨਾ ਗਾਇਆ।
ਨਾ ਕੁੜੀਆਂ ਨੇ ਕਿੱਕਲੀ ਪਾਈ ,
ਨਾ ਢੋਲਾ ਕੋਈ ਲੈਵਣ ਆਇਆ ।
ਰੀਝਾਂ ਹੋਈਆਂ ਨੇ ਅਧਮੋਈਆਂ ,
ਨਾ ਤੱਤੜੀ ਨੇ ਸੁਰਮਾਂ ਪਾਇਆ ।
ਇਹ ਰੁੱਤ ਗੁਲਾਬੀ ਗ਼ੁਲਜ਼ਾਰਾਂ ਤੇ ,
ਬਣ ਗਿਆ ਸਾਵਣ ਰਾਵਣ ਹੈ ।
ਚਿੱਪ – ਚਿੱਪ ਕਰਦਾ ਰਹੇ ਪਸੀਨਾ ,
ਆਇਆ ਤਨ ਨੂ ਖਾਵਣ ਹੈ ।