ਚੰਡੀਗੜ੍ਹ- ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ: ਜਸਬੀਰ ਸਿੰਘ ਆਹਲੂਵਾਲੀਆ ਤੇ ਜਾਨਲੇਵਾ ਹਮਲਾ ਕਰਨ ਦੇ ਅਰੋਪ ਵਿੱਚ ਫਤਿਹਗੜ੍ਹ ਪੁਲਿਸ ਨੇ ਜੋਰਾ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਸਹਾਰਾ ਵੈਲ ਫੇਅਰ ਸੁਸਾਇਟੀ ਦਾ ਮੈਂਬਰ ਦਸਿਆ ਜਾ ਰਿਹਾ ਹੈ। ਇਹ ਸੰਸਥਾ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਦੀ ਹੈ।
ਅਰੋਪੀ ਜੋਰਾ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸਨੇ ਰੰਜਿਸ਼ ਕਰਕੇ ਵੀਸੀ ਤੇ ਹਮਲਾ ਕੀਤਾ। ਹਮਲਾਵਰ ਨੇ ਦਸਿਆ ਕਿ ਉਹ ਆਪਣੀ ਇੱਕ ਰਿਸ਼ਤੇਦਾਰ ਦੀ ਐਡਮਿਸ਼ਨ ਕਰਵਾਉਣ ਲਈ ਯੂਨੀਵਰਿਸਟੀ ਗਿਆ ਸੀ। ਉਸ ਸਮੇਂ ਵੀਸੀ ਨੇ ਉਸ ਨਾਲ ਬੁਰਾ ਸਲੂਕ ਕੀਤਾ ਸੀ, ਉਦੋਂ ਤੋਂ ਹੀ ਵੀਸੀ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ ਸੀ। ਬੇਸ਼ਕ ਹਮਲਾਵਰ ਨੇ ਇਹ ਮੰਨਿਆ ਹੈ ਕਿ ਉਸ ਨੇ ਨਿਜੀ ਰੰਜਿਸ਼ ਕਰਕੇ ਹਮਲਾ ਕੀਤਾ ਹੈ, ਫਿਰ ਵੀ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਅਰੋਪੀ ਦੇ ਸਬੰਧ ਕਿਸੇ ਅਤਵਾਦੀ ਗਰੁਪ ਨਾਲ ਤਾਂ ਨਹੀਂ ਹਨ। ਪਟਿਆਲਾ ਦੇ ਪਿੰਡ ਖਨੌਰੀ ਦੇ ਜੋਰਾ ਸਿੰਘ ਨੇ ਇਸ ਹਮਲੇ ਦੀ ਯੋਜਨਾ ਕਈ ਦਿਨ ਪਹਿਲਾਂ ਹੀ ਬਣਾ ਲਈ ਸੀ। ਉਹ ਲਗਾਤਾਰ ਵੀਸੀ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਿਹਾ ਸੀ।