ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨੀਆਂ ਨੇ ਇਸ ਨਮੀ ਭਰਪੂਰ ਮੌਸਮ ਦੌਰਾਨ ਘਰਾਂ ਵਿੱਚ ਪਈਆਂ ਜ਼ਰੂਰੀ ਅਤੇ ਕੀਮਤੀ ਵਸਤਾਂ ਦੀ ਚੰਗੇਰੀ ਸਾਂਭ-ਸੰਭਾਲ ਲਈ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਖੁਰਾਕ ਅਤੇ ਪਰਿਵਾਰਕ ਜੀਆਂ ਦੀ ਸਿਹਤ ਅਤੇ ਕੱਪੜਿਆਂ ਦੀ ਸੰਭਾਲ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਡਾ: ਸੁਰਿੰਦਰਜੀਤ ਕੌਰ ਨੇ ਕਿਹਾ ਕਿ ਘਰਾਂ ਅਤੇ ਘਰਾਂ ਦੇ ਆਲੇ ਦੁਆਲੇ ਇਸ ਮੌਸਮ ਦੌਰਾਨ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ। ਇਸ ਵਿੱਚ ਥੋੜ੍ਹੀ ਮਾਤਰਾ ਵਿੱਚ ਮਿੱਟੀ ਜਾਂ ਤਾਰਪੀਨ ਦਾ ਤੇਲ ਪਾ ਦੇਣਾ ਚਾਹੀਦਾ ਹੈ। ਬੋਰਿਕ ਐਸਿਡ ਦਾ ਛਿੜਕਾਅ ਰਸੋਈ ਅਤੇ ਅਲਮਾਰੀਆਂ ਵਿੱਚ ਕਰ ਦੇਣਾ ਚਾਹੀਦਾ ਹੈ। ਲੋਹੇ ਦੇ ਭਾਂਡਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਸਰ੍ਹੋਂ ਦੇ ਜਾਂ ਨਾਰੀਅਲ ਦੇ ਜਾਂ ਗਲਿਸਰੀਨ ਨਾਲ ਪੰਦਰਾਂ ਦਿਨਾਂ ਬਾਅਦ ਸਾਫ ਕਰਨਾ ਚਾਹੀਦਾ ਹੈ। ਮਾਹਿਰਾਂ ਨੇ ਹੋਰ ਜਾਣਕਾਰੀ ਵਧਾਉਂਦਿਆਂ ਦੱਸਿਆ ਕਿ ਇਸ ਮੌਸਮ ਦੌਰਾਨ ਫਰਸ਼ ਅਕਸਰ ਤਿਲਕਣ ਭਰਪੂਰ ਹੋ ਜਾਂਦਾ ਹੈ ਇਸ ਲਈ ਫਰਸ਼ ਨੂੰ ਚੂਨੇ ਨਾਲ ਰਗੜ ਕੇ ਸਾਫ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਭਾਂਡੇ ਸਾਫ ਕਰਨ ਵਾਲੀ ਜਗ੍ਹਾ ਤੇ ਦਾਗ ਧੱਬੇ ਪੈ ਜਾਂਦੇ ਹਨ ਉਸ ਲਈ ਥੋੜ੍ਹੀ ਮਾਤਰਾ ਵਿੱਚ ਮਿੱਠਾ ਸੋਡਾ ਵਰਤਣਾ ਚਾਹੀਦਾ ਹੈ।
ਯੂਨੀਵਰਸਿਟੀ ਤੋਂ ਡਾ; ਹਰਿੰਦਰ ਸੱਗੂ ਨੇ ਕੱਪੜਿਆਂ ਦੀ ਸੰਭਾਲ ਸੰਬੰਧੀ ਵਿਸਥਾਰ ਵਿੱਚ ਦੱਸਿਆ ਕਿ ਹੈਂਗਰਾਂ ਅਤੇ ਕਿੱਲੀਆਂ ਨੂੰ ਕੱਪੜੇ ਟੰਗਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰ ਦੇਣਾ ਚਾਹੀਦਾ ਹੈ ਨਹੀਂ ਜੰਗਾਲ ਦੇ ਨਿਸ਼ਾਨ ਉਨ੍ਹਾਂ ਕੱਪੜਿਆਂ ਤੇ ਲੱਗ ਸਕਦੇ ਹਨ। ਨਵੇਂ ਲੱਗੇ ਜੰਗਾਲ ਦੇ ਨਿਸ਼ਾਨ ਨੂੰ ਨਿੰਬੂ ਅਤੇ ਨਮਕ ਨਾਲ ਹਟਾਇਆ ਜਾ ਸਕਦਾ ਹੈ ਜਦ ਕਿ ਪੁਰਾਣੇ ਨਿਸ਼ਾਨਾਂ ਨੂੰ ਮਿਟਾਉਣ ਲਈ ਬੋਰਿਕ ਐਸਿਡ ਦੇ ਘੋਲ (ਇਕ ਚਮਚ ਇਕ ਮਗ ਪਾਣੀ ਵਿੱਚ) ਵਿੱਚ ਕੱਪੜੇ ਨੂੰ 5 ਤੋਂ 10 ਮਿੰਟ ਲਈ ਰੱਖੋ। ਇਸ ਤੋਂ ਇਲਾਵਾ ਭੋਜਨ ਸੰਬੰਧੀ ਜਾਣਕਾਰੀ ਦਿੰਦਿਆਂ ਡਾ: ਕਿਰਨ ਗਰੋਵਰ ਨੇ ਦੱਸਿਆ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਪੀਲੀਆ, ਹੈਜ਼ਾ ਆਦਿ ਨੂੰ ਇਸ ਨਮੀ ਭਰਪੂਰ ਮੌਸਮ ਤੋਂ ਬਚਣ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਉਬਾਲ ਕੇ ਜਾਂ ਫਿਲਟਰ ਕਰਕੇ ਕਰਨੀ ਚਾਹੀਦੀ ਹੈ। ਹਰੀਆਂ ਸਬਜ਼ੀਆਂ ਨੂੰ ਪਕਾਉਣ ਤੋਂ ਪਹਿਲਾਂ 10 ਮਿੰਟ ਲੂਣੇ ਪਾਣੀ ਵਿੱਚ ਡੁਬੋ ਲੈਣਾ ਚਾਹੀਦਾ ਹੈ।