ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਦੰਗਾਕਾਰੀਆਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ ਅਤੇ ਦੰਗਿਆਂ ਨੂੰ ਦੇਸ਼ ਦੇ ਹੋਰ ਹਿਸਿਆਂ ਵਿੱਚ ਫੈਲਣ ਤੋਂ ਰੋਕਣ ਲਈ ਸੜਕਾਂ ਤੇ ਹੋਰ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੇ ਮੁਕੱਦਮਾ ਚਲਾਇਆ ਜਾਵੇਗਾ।
ਪ੍ਰਧਾਨਮੰਤਰੀ ਕੈਮਰਨ ਨੇ ਕਿਹਾ ਕਿ ਹੁਣ ਤੱਕ 700 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਦੰਗਿਆਂ ਨੂੰ ਕੰਟਰੋਲ ਵਿੱਚ ਕਰਨ ਲਈ ਪੁਲਿਸ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਦੰਗਾਕਾਰੀਆਂ ਵਿੱਚ ਬੱਚਿਆਂ ਦੇ ਸ਼ਾਮਿਲ ਹੋਣ ਬਾਰੇ ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਸਮਾਜ ਦੇ ਕੁਝ ਲੋਕ ਗਲਤ ਰਸਤੇ ਤੇ ਚਲ ਰਹੇ ਹਨ। ਸਰਕਾਰ ਲੋਕਾਂ ਦੀ ਜਾਨ ਮਾਲ ਨਾਲ ਖੇਡਣ ਅਤੇ ਲੁੱਟਮਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰੇਗੀ।
ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਪਿੱਛਲੇ ਚਾਰ ਦਿਨਾਂ ਤੋਂ ਜਾਰੀ ਦੰਗੇ ਹੁਣ ਇੰਗਲੈਂਡ ਦੇ ਦੂਸਰੇ ਹਿਸਿਆਂ ਵਿੱਚ ਵੀ ਫੈਲ ਗਏ ਹਨ। ਲੰਡਨ ਵਿੱਚ ਭਾਰੀ ਪੁਲਿਸ ਫੋਰਸ ਦੇ ਤੈਨਾਤ ਹੋਣ ਕਰਕੇ ਸਥਿਤੀ ਪਹਿਲਾਂ ਨਾਲੋਂ ਕੰਟਰੋਲ ਵਿੱਚ ਹੈ। ਲੰਡਨ ਵਿੱਚ ਦੰਗਿਆਂ ਨਾਲ ਨਜਿਠਣ ਲਈ 16 ਹਜ਼ਾਰ ਦੇ ਕਰੀਬ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਇਸ ਕਰਕੇ ਲੰਡਨ ਵਿੱਚ ਹਾਲਾਤ ਪਹਿਲਾਂ ਨਾਲੋਂ ਬੇਹਤਰ ਹਨ । ਇੰਗਲੈਂਡ ਦੇ ਦੂਸਰੇ ਸ਼ਹਿਰਾਂ ਵਿੱਚ ਦੰਗਿਆ ਦੀ ਅੱਗ ਫੈਲ ਰਹੀ ਹੈ, ਹੁਣ ਲਿਵਰਪੂਲ,ਨਾਟਿਗਮ, ਮੈਨਚੈਸਟਰ ਅਤੇ ਬਰਮਿੰਘਮ ਹਿੰਸਾ ਦੀ ਲਪੇਟ ਵਿੱਚ ਆ ਰਹੇ ਹਨ।