ਲੁਧਿਆਣਾ:- ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ ਸਵਿਟਜ਼ਰਲੈਂਡ ਅਤੇ ਇੰਟਰਨੈਸ਼ਨਲ ਪਲਾਂਟ ਨਿਊਟਰੀਸ਼ਨ ਇੰਸਟੀਚਿਊਟ, ਇੰਡੀਆ ਵੱਲੋਂ ਸਾਂਝੇ ਤੌਰ ਤੇ ਉੜੀਸਾ ਦੀ ਖੇਤੀਬਾੜੀ ਯੂਨੀਵਰਸਿਟੀ ਭੁਵਨੇਸ਼ਵਰ ਵਿਖੇ ਨਵੰਬਰ 2009 ਵਿੱਚ ਕਰਵਾਈ ਇੰਟਰਨੈਸ਼ਨਲ ਕਾਨਫਰੰਸ ਦੇ ਖੋਜ ਪੱਤਰਾਂ ਦੀਆਂ ਦੋ ਪ੍ਰਕਾਸ਼ਨਾਵਾਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਰਿਲੀਜ਼ ਕੀਤੀਆਂ। ਇਨ੍ਹਾਂ ਪ੍ਰਕਾਸ਼ਨਾਵਾਂ ਦਾ ਸੰਪਾਦਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਪ੍ਰਸਿੱਧ ਭੂਮੀ ਵਿਗਿਆਨੀ ਡਾ: ਮੁਕੰਦ ਸਿੰਘ ਬਰਾੜ ਅਤੇ ਡਾ: ਸਿਧਾਰਥ ਮੁਖੋਪਾਧਿਆਏ ਨੇ ਕੀਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ ਅਤੇ ਇੰਟਰਨੈਸ਼ਨਲ ਪਲਾਂਟ ਨਿਊਟਰੀਸ਼ਨ ਇੰਡੀਆ ਦੀ ਸਰਪ੍ਰਸਤੀ ਹੇਠ ਕਰਵਾਈ ਖੋਜ ਵਿਚਾਰ ਭਰਪੂਰ ਅੰਤਰ ਰਾਸ਼ਟਰੀ ਕਾਨਫਰੰਸਾਂ ਦੇ ਖੋਜ ਪੱਤਰਾਂ ਦੀਆਂ ਪ੍ਰਕਾਸ਼ਨਾਵਾਂ ਦਾ ਸੰਪਾਦਨ ਸਾਡੇ ਵਿਗਿਆਨੀਆਂ ਵੱਲੋਂ ਕੀਤਾ ਜਾਣਾ ਹੀ ਸਾਡੇ ਵਿਗਿਆਨੀਆਂ ਦੀ ਵਿਸ਼ਵ ਪਛਾਣ ਦਾ ਸਬੂਤ ਹੈ। ਉਨ੍ਹਾਂ ਆਖਿਆ ਕਿ ਸਾਲ 2006 ਵਿੱਚ ਇਸੇ ਸੰਸਥਾਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਵਾਇਆ ਅੰਤਰ ਰਾਸ਼ਟਰੀ ਸੰਮੇਲਨ ਕਿਸੇ ਵੀ ਭਾਰਤੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਹੋਣਾ ਆਪਣੇ ਆਪ ਵਿੱਚ ਹੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਆਖਿਆ ਕਿ ਗਿਆਨ ਵਿਗਿਆਨ ਦੇ ਅੰਤਰ ਰਾਸ਼ਟਰੀ ਆਦਾਨ ਪ੍ਰਦਾਨ ਨਾਲ ਖੋਜ ਨੂੰ ਨਵੇਂ ਰਾਹ ਮਿਲਦੇ ਹਨ ਅਤੇ ਇਸ ਤੋਂ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਵੀ ਅਸਾਨ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਭੂਮੀ ਵਿਗਿਆਨੀਆਂ ਦੀ ਮਿਹਨਤ ਸਦਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਨੇਕਾਂ ਵਿਸ਼ਵ ਪੁਰਸਕਾਰ ਜਿੱਤ ਕੇ ਇਸ ਦੀ ਸ਼ਾਨ ਵਧਾਈ ਹੈ। ਉਨ੍ਹਾਂ ਆਖਿਆ ਕਿ ਡਾ: ਜੀ ਐਸ ਸੇਖੋਂ, ਡਾ: ਜੀ ਦੇਵ, ਡਾ: ਜਗਦੇਵ ਸਿੰਘ ਗਰੇਵਾਲ ਅਤੇ ਡਾ: ਨਾਨਕ ਸਿੰਘ ਪਸਰੀਚਾ ਨੂੰ ਪੋਟਾਸ਼ ਇੰਸਟੀਚਿਊਟ ਇੰਡੀਆ ਦਾ ਮੁਖੀ ਹੋਣ ਦਾ ਮਾਣ ਮਿਲਣਾ ਵੀ ਸਾਡੇ ਲਈ ਤਸੱਲੀ ਦਾ ਸਬੱਬ ਹੈ। ਡਾ: ਢਿੱਲੋਂ ਨੇ ਆਖਿਆ ਕਿ ਗਲੋਬਲ ਤਪਸ਼, ਜਲ ਸੋਮਿਆਂ ਦਾ ਨਿਘਾਰ ਅਤੇ ਜੈਵਿਕ ਮਾਦੇ ਦੀ ਸੰਭਾਲ ਸਾਡੇ ਤਿੰਨ ਵੱਡੇ ਫਿਕਰ ਹਨ ਅਤੇ ਇਨ੍ਹਾਂ ਫਿਕਰਾਂ ਦੇ ਨਿਪਟਾਰੇ ਲਈ ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ ਦਾ ਸਹਿਯੋਗ ਸਾਨੂੰ ਅੱਜ ਪਹਿਲਾਂ ਨਾਲੋਂ ਵੱਧ ਲੋੜੀਂਦਾ ਹੈ।
ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ, ਸਵਿਟਜ਼ਰਲੈਂਡ ਦੇ ਡਾਇਰੈਕਟਰ ਡਾ: ਹੀਲਰਮੈਗਨ ਨੇ ਆਖਿਆ ਕਿ ਭਵਿੱਖ ਵਿੱਚ ਜ਼ਮੀਨ ਅੰਦਰਲਾ ਜੈਵਿਕ ਮਾਦਾ ਵਧਾਉਣ ਲਈ ਪੋਟਾਸ਼ੀਅਮ ਦਾ ਯੋਗਦਾਨ ਵਧੇਗਾ ਅਤੇ ਗਲੋਬਲ ਤਪਸ਼ ਦਾ ਮੰਦਾ ਅਸਰ ਫ਼ਸਲਾਂ ਤੇ ਘਟਾਉਣ ਲਈ ਵੀ ਇਸ ਦੀ ਯੋਗ ਵਰਤੋਂ ਵਧੇਗੀ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਡਾ: ਗੁਰਚਰਨ ਸਿੰਘ ਸੇਖੋਂ ਵਰਗੇ ਵਿਗਿਆਨੀਆਂ ਰਾਹੀਂ ਭਾਰਤ ਵਿੱਚ ਪੋਟਾਸ਼ ਇੰਸਟੀਚਿਊਟ ਦੇ ਕੰਮ ਕਾਜ ਨੂੰ ਵਧਾਇਆ ਅਤੇ 20 ਸਾਲ ਬਾਅਦ ਇਸ ਯੂਨੀਵਰਸਿਟੀ ਦੇ ਫੇਰੀ ਵੇਲੇ ਉਹ ਮੈਨੂੰ ਅੱਜ ਵੀ ਯਾਦ ਆ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਦੀ ਅੰਤਰਰਾਸ਼ਟਰੀ ਪਛਾਣ ਸਦਕਾ ਸਾਨੂੰ ਕਦੇ ਵੀ ਪ੍ਰਾਜੈਕਟ ਦੇਣ ਲਈ ਦੂਸਰੀ ਵਾਰ ਨਹੀਂ ਸੋਚਣਾ ਪਿਆ ਅਤੇ ਭਵਿੱਖ ਵਿੱਚ ਵੀ ਇਹ ਸਹਿਯੋਗ ਇਵੇਂ ਹੀ ਬਰਕਰਾਰ ਰੱਖਿਆ ਜਾਵੇਗਾ।
ਇਨ੍ਹਾਂ ਪ੍ਰਕਾਸ਼ਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਮੁਕੰਦ ਸਿੰਘ ਬਰਾੜ ਨੇ ਦੱਸਿਆ ਕਿ ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ, ਸਵਿਟਜ਼ਰਲੈਂਡ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਰਿਸ਼ਤਾ ਲਗਪਗ 25 ਵਰ੍ਹੇ ਪੁਰਾਣਾ ਹੈ ਅਤੇ ਕਈ ਸਾਂਝੇ ਖੋਜ ਪ੍ਰਾਜੈਕਟਾਂ ਰਾਹੀਂ ਖੇਤੀਬਾੜੀ ਖੋਜ ਨੂੰ ਅੱਗੇ ਵਧਾਇਆ ਗਿਆ ਹੈ । ਹੁਣ ਵੀ ਇਸ ਮਹਾਨ ਸੰਸਥਾ ਵੱਲੋਂ ਮਨੁੱਖਤਾ ਦੇ ਭਲੇ ਲਈ ਵੱਧ ਅਨਾਜ ਉਤਪਾਦਨ ਅਤੇ ਜਲ ਸਰੋਤਾਂ ਦੀ ਯੋਗ ਵਰਤੋਂ ਸੰਬੰਧੀ ਖੋਜ ਕਾਰਜਾਂ ਦੀ ਪੇਸ਼ਕਸ਼ ਹੈ। ਡਾ: ਬਰਾੜ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਮਿਲੇ ਖੋਜ ਪ੍ਰਾਜੈਕਟਾਂ ਨਾਲ ਪੋਟਾਸ਼ ਦੀ ਵਰਤੋਂ ਰਾਹੀਂ ਨਾਈਟਰੋਜਨੀ ਖਾਦਾਂ ਦੀ ਸੁਯੋਗ ਵਰਤੋਂ ਹੋਰ ਸਾਰਥਿਕ ਬਣੀ ਹੈ। ਪੰਜਾਬ ਦੀ ਵਰਤਮਾਨ ਸਮੱਸਿਆ ਪਾਣੀ ਪੱਧਰ ਦਾ ਨੀਵਾਂ ਜਾਣ ਦੇ ਸੰਬੰਧ ਵਿੱਚ ਇਸ ਸੰਸਥਾ ਵੱਲੋਂ ਇਕ ਖੋਜ ਪ੍ਰੋਜੈਕਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਹੈ।
ਇੰਟਰਨੈਸ਼ਨਲ ਪੋਟਾਸ ਇੰਸਟੀਚਿਊਟ, ਸਵਿਟਜ਼ਰਲੈਂਡ ਦੇ ਭਾਰਤ ਅਤੇ ਚੀਨ ਵਿੱਚ ਖੋਜ ਪ੍ਰਾਜੈਕਟਾਂ ਦੇ ਨਿਗਰਾਨ ਡਾ: ਐਲਡਾਡ ਸੋਕਲੋਵਸਕੀ ਅਤੇ ਭਾਰਤ ਵਿੱਚ ਪੋਟਾਸ਼ ਖੋਜ ਇੰਸਟੀਚਿਊਟ ਦੇ ਡਾਇਰੈਕਟਰ ਡਾ: ਐਸ ਕੇ ਬਾਂਸਲ ਤੋਂ ਇਲਾਵਾ ਯੂਨੀਵਰਸਿਟੀ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਡੀਨ ਖੇਤੀਬਾੜੀ ਕਾਲਜ ਡਾ: ਦਵਿੰਦਰ ਸਿੰਘ ਚੀਮਾ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ , ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਅਤੇ ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਡਾ: ਪੀ ਕੇ ਖੰਨਾ ਵੀ ਹਾਜ਼ਰ ਸਨ।
ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ ਦੀਆਂ ਦੋ ਪ੍ਰਕਾਸ਼ਨਾਵਾਂ ਖੇਤੀ ਵਰਸਿਟੀ ਵਿਖੇ ਡਾ: ਢਿੱਲੋਂ ਵੱਲੋਂ ਰਿਲੀਜ਼
This entry was posted in ਖੇਤੀਬਾੜੀ.