ਗੁਰਦੁਆਰਾ ਕਮਿਸ਼ਨ ਨਾਲ ਰਜਿਸਟਰਡ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੀਆਂ 2011 ਦੀਆਂ ਸ੍ਰੋਮਣੀ ਕਮੇਟੀ ਚੋਣਾਂ ਆਪਣੇ ਚੋਣ ਨਿਸ਼ਾਨ ਹਿਰਨ ’ਤੇ ਆਜ਼ਾਦ ਤੌਰ ’ਤੇ ਲੜੇਗੀ। ਸਿੰਘ ਸਭਾ ਸਮਾਜਕ ਸੁਧਾਰ ਲਹਿਰ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਸ੍ਰੋਮਣੀ ਕਮੇਟੀ ਚੋਣਾਂ 2011 ਲਈ ਚੋਣ ਮੈਨੀਫੈਸਟੋ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਹੇਠ ਲਿਖਿਆ ਮੈਨੀਫੈਸਟੋ ਜਾਰੀ ਕੀਤਾ-
1-ਸ੍ਰੀ ਅਕਾਲ ਤਖਤ ਦੀ ਸਰਬਉਚਤਾ ਚੇ ਸਰਬਤ ਖਾਲਸਾ ਦੀ ਮੁੜ ਸੁਰਜੀਤੀ
(ਏ) ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਖ ਧਰਮ ਦੇ ਸਰਬਉਚ ਤਖਤ ਵਜੋਂ ਮੰਨਦੇ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਛਾਣ ਤੇ ਸਰਬਉਚਤਾ ਨੂੰ ਬਰਕਰਾਰ ਰਖਣ ਤੇ ਇਸ ਨੂੰ ਪ੍ਰੋਤਸਾਹਿਤ ਕਰਨ ਲਈ ਕੰਮ ਕਰਾਂਗੇ।
(ਬੀ) ਅਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਲਈ ਸਰਬਤ ਖਾਲਸਾ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰਾਂਗੇ।
2-ਸਿਖ ਧਰਮ ਦਾ ਆਜ਼ਦ ਰੁਤਬਾ (ਧਾਰਾ 25 ਨੂੰ ਖਤਮ ਕਰਨਾ)
(ਏ) ਸਿਖ ਧਰਮ ਇਕ ਆਜ਼ਾਦ ਤੇ ਵਖਰਾ ਧਰਮ ਹੈ। ਸਵਿਧਾਨ ਦੀ ਧਾਰਾ 25 ਸਿਖ ਧਰਮ ਦੀ ਆਜ਼ਾਦੀ ਨੂੰ ਆਪਣੇ ਵਿਚ ਜ਼ਜ਼ਬ ਕਰ ਲੈਂਦੀ ਹੈ ਤੇ ਇਹ ਧਾਰਾ ਸਿਖਾਂ ’ਤੇ ਉਸ ਦੀ ਮਰਜ਼ੀ ਦੇ ਖਿਲਾਫ ਥੋਪੀ ਗਈ ਸੀ। ਸਿਖ ਧਰਮ ਦੇ ਆਜ਼ਦ ਰੁਤਬੇ ਨੂੰ ਬਹਾਲ ਕਰਨ ਲਈ ਧਾਰਾ 25 ਨੂੰ ਖਤਮ ਕਰਨ ਵਾਸਤੇ ਅਸੀ ਕੰਮ ਕਰਾਂਗੇ।
3-ਕਿਸਾਨ ਸੰਭਾਲ ਲਹਿਰ
(ਏ) ਹੁਣ ਤਕ ਕਰਜੇ ਦੇ ਬੋਝ ਕਾਰਨ 60,000 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁਕੇ ਹਨ। ਕਰਜ਼ਾ ਮੋੜਣ ਤੋਂ ਅਸਮਰਥ ਕਿਸੇ ਵੀ ਅੰਮ੍ਰਿਤਧਾਰੀ ਸਿਖ ਦੀ ਜ਼ਮੀਨ ਤੇ ਜਾਨ ਬਚਾਉਣ ਲਈ ਵਿਤੀ ਮਦਦ ਦਿੱਤੀ ਜਾਵੇਗੀ।
4-ਸਿਖ ਰੋਜ਼ਗਾਰ ਸਕੀਮ
(ਏ) ਸ੍ਰੋਮਣੀ ਕਮੇਟੀ ਰੋਜ਼ਗਾਰ ਸਕੀਮ ਸਥਾਪਿਤ ਕਰੇਗੀ ਜਿਸ ਰਾਹੀਂ ਪੜੇ ਲਿਖੇ ਅੰਮ੍ਰਿਤਧਾਰੀ ਸਿਖਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ।
5-ਧਰਮ ਯੁਧ ਪੈਨਸ਼ਨ ਯੋਜਨਾ
(ਏ) ਧਰਮ ਯੁਧ ਮੋਰਚੇ ਵਿਚ ਹਿਸਾ ਲੈਣ ਵਾਲੇ ਸਾਰੇ ਸਿਖਾਂ ਨੂੰ ਉਨ੍ਹਾਂ ਵਲੋਂ ਸਿਖ ਕੌਮ ਲਈ ਕੀਤੀ ਸੇਵਾ ਬਦਲੇ ਸਨਾਮਨ ਵਜੋਂ 2500 ਰੁਪਏ ਪ੍ਰਤੀ ਮਹੀਨੇ ਦਿੱਤਾ ਜਾਇਆ ਕਰੇਗਾ।
6- ਸ਼ਹੀਦ ਪਰਿਵਾਰ ਪੈਨਸ਼ਨ
ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਤੋਂ ਲੈਕੇ ਹੁਣ ਤੱਕ ਸਿਖ ਹੱਕਾਂ ਦੀ ਆਵਾਜ਼ ਉਠਾਉਂਦਿਆਂ ਜਾਨਾਂ ਵਾਰਨ ਵਾਲੇ ਸਿਖਾਂ ਦੀ ਕਰੁਬਾਨੀ ਦੇ ਸਤਿਕਾਰ ਵਜੋਂ-
(ਏ) ਪਰਿਵਾਰਾਂ ਨੂੰ 500000 ਰੁਪਏ ਦਾ ਮੁਆਵਜ਼ਾ ਤੇ 5000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਇਆ ਕਰੇਗੀ।
(ਬੀ) ਸ਼ਹੀਦ ਪਰਿਵਾਰਾਂ ਦੇ ਬਚਿਆਂ ਨੂੰ ਮੁਫਤ ਸਿਖਿਆ ਪ੍ਰਦਾਨ ਕੀਤੀ ਜਾਵੇਗੀ।
7-ਖਾਲਸਾ ਇਨਸਾਫ
ਸਿਖ ਹੱਕਾਂ ਦੀ ਆਵਾਜ਼ ਉਠਾਉਣ ਲਈ ਜੇਲ੍ਹਾਂ ਵਿਚ ਬੰਦ ਸਾਰੇ ਸਿਖਾਂ ਨੂੰ ਮੁਫਤ ਕਾਨੂੰਨੀ ਮਦਦ ਮੁਹੱਈਆ ਕਰਵਾਈ ਜਾਵੇਗੀ।
8-ਨਸ਼ਾ ਮੁਕਾਓ-ਪਿੰਡ ਬਚਾਓ
(ਏ) ਨਸ਼ਿਆਂ ਦੇ ਕੋਹੜ ਦਾ ਖਾਤਮਾ ਕਰਨ ਲਈ ਲਹਿਰ ਚਲਾਈ ਜਾਵੇਗੀ।
(ਬੀ) ਭਰੂਣ ਹਤਿਆ ਤੇ ਨਸ਼ਿਆਂ ਦੀ ਵਰਤੋਂ ਖਿਲਾਫ ਜਾਗਰੂਕਤਾ ਪੈਦਾ ਕਰਨ ਤੇ ਮੁਫਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਪਿੰਡਾਂ ਵਿਚ ਸ੍ਰੋਮਣੀ ਕਮੇਟੀ ਦੁਆਰਾ ਹੈਲਥ ਸੈਂਟਰ ਚਲਾਏ ਜਾਣਗੇ।
ਆਲ ਇੰਡਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿਖਾਂ ਦੀ ਵਖਰੀ ਪਛਾਣ ਦੇ ਸੰਘਰਸ਼ ਨੂੰ ਮੁੜ ਸੁਰਜੀਤ ਕਰਨਾ ਸਮੇਂ ਦੀ ਮੰਗ ਹੈ। ਇਹ ਉਹੀ ਸਿਧਾਂਤ ਹੈ ਜਿਸ ਦੇ ਬਲਬੂਤੇ ’ਤੇ ਸ੍ਰੋਮਣੀ ਕਮੇਟੀ ਤੇ ਸਿਖ ਗੁਰਦੁਆਰਾ ਐਕਟ ਦੀ ਸਥਾਪਨਾ ਹੋਈ ਸੀ ਅਤੇ ਜਿਸ ਦੇ ਲਈ ਬਰਤਾਨਵੀ ਰਾਜ ਤੇ 1947 ਤੋਂ ਬਾਅਦ ਹਜ਼ਾਰਾਂ ਹੀ ਸਿਖਾਂ ਨੇ ਜਾਨਾਂ ਵਾਰੀਆਂ ਹਨ। ਪੀਰ ਮੁਹੰਮਦ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਕੰਟਰੋਲ ਵਾਲੀ ਸ੍ਰੋਮਣੀ ਕਮੇਟੀ ਨੇ ਸਿਖਾਂ ਦੀ ਵਖਰੀ ਪਛਾਣ ਲਈ ਕੰਮ ਕਰਨ ਨੂੰ ਲਗਾਤਾਰ ਅਣਗੌਲਿਆ ਕੀਤਾ ਤੇ ਅਨਿਆਂ ਖਿਲਾਫ ਅਵਾਜ਼ ਉਠਾਉਣ ਵਿਚ ਨਾਕਾਮ ਰਹੇ ਹਨ। ਸਿਖਾਂ ਦੀ ਪਛਾਣ ਦਾ ਰਾਖੀ ਕਰਨ ਤੇ ਇਸ ਨੂੰ ਪ੍ਰੋਤਸਾਹਿਤ ਕਰਨ ਲਈ ਸਥਾਪਿਤ ਕੀਤੀ ਗਈ ਸ੍ਰੋਮਣੀ ਕਮੇਟੀ ਨੂੰ ਸਿਆਸੀ ਲਾਹਾ ਲੈਣ ਲਈ ਵਰਤਿਆ ਜਾ ਰਿਹਾ ਹੈ।