ਜ਼ੀਰਾ,(ਗੁਰਿੰਦਰਜੀਤ ਸਿੰਘ ਪੀਰਜੈਨ)- ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਪਿਛਲੇ ਚਾਰ ਸਾਲਾਂ ’ਚ 1984 ਦੇ ਸਿੱਖ ਵਿਰੋਧੀ ਕਤਲੇਆਮ ਲਈ ਇਨਸਾਫ਼ ਦੀ ਜਿਹੜੀ ਕੌਮਾਂਤਰੀ ਲਹਿਰ ਖੜ੍ਹੀ ਕੀਤੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 27 ਸਾਲਾਂ ’ਚ ਨਹੀਂ ਕਰ ਸਕੀ। ਜੇਕਰ ਬਿਨ੍ਹਾਂ ਕਿਸੇ ਸੱਤਾ ਤੋਂ ਫ਼ੈਡਰੇਸ਼ਨ ਇੰਨੀ ਵੱਡੀ ਪ੍ਰਾਪਤੀ ਕਰ ਸਕਦੀ ਹੈ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਬੈਠ ਕੇ ਫ਼ੈਡਰੇਸ਼ਨ ਦੇ ਨੁਮਾਇੰਦੇ ਸਿੱਖ ਮਸਲਿਆਂ ਦੀ ਹੋਰ ਪ੍ਰਭਾਵੀ ਢੰਗ ਨਾਲ ਪੈਰਵਾਈ ਕਰ ਸਕਣਗੇ।
ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ-ਮੁਹੰਮਦ ਨੇ ਅੱਜ ਸ਼੍ਰੋਮਣੀ ਕਮੇਟੀ ਚੋਣਾਂ ਲਈ ਹਲਕਾ ਜ਼ੀਰਾ ਤੋਂ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਤੋਂ ਬਾਅਦ ਆਖੀ। ਇਸ ਤੋਂ ਪਹਿਲਾਂ ਜ਼ੀਰਾ ਦੇ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਮੁਕੰਦ ਸਿੰਘ ਸੰਧੂ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵੇਲੇ ਕਰਨੈਲ ਸਿੰਘ ਪੀਰ-ਮੁਹੰਮਦ ਦੇ ਨਾਲ ਸੈਂਕੜੇ ਫ਼ੈਡਰੇਸ਼ਨ ਕਾਰਕੁੰਨ, ਸਿੱਖ ਕਤਲੇਆਮ ਪੀੜਤ ਅਤੇ ਉਨ੍ਹਾਂ ਦੇ ਸਮਰਥਕ ਵੀ ਹਾਜ਼ਰ ਸਨ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨੈਲ ਸਿੰਘ ਪੀਰ-ਮੁਹੰਮਦ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਿਰੋਲ ਧਾਰਮਿਕ ਸੰਸਥਾ ਹੈ, ਪਰ ਅੱਜ ਇਸ ਸੰਸਥਾ ’ਤੇ ਸਿਆਸਤ ਭਾਰੂ ਹੈ, ਜਿਸ ਕਰਕੇ ਫ਼ੈਡਰੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ’ਚ ਨਿੱਤਰਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਫ਼ੈਡਰੇਸ਼ਨ ਨੇ ਸੰਗਤਾਂ ਦੇ ਪਿਆਰ ਅਤੇ ਸਹਿਯੋਗ ਨਾਲ ‘ਸਿੱਖਸ ਫ਼ਾਰ ਜਸਟਿਸ’ ਨਾਂ ਦੀ ਕੌਮਾਂਤਰੀ ਲਹਿਰ ਖੜ੍ਹੀ ਕਰਕੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਕੌਮਾਂਤਰੀ ਨਿਆਂਪਾਲਿਕਾ ਦੇ ਕਟਹਿਰੇ ’ਚ ਖੜ੍ਹਾ ਕੀਤਾ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀਆਂ 1984 ਤੋਂ ਬਾਅਦ ਤਿੰਨ ਵਾਰ ਸਰਕਾਰਾਂ ਬਣੀਆਂ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਕ ਪ੍ਰਭਾਵੀ ਸੰਸਥਾ ਹੋਣ ਦੇ ਬਾਵਜੂਦ ਸਿੱਖ ਕਤਲੇਆਮ ਦੇ ਮੁੱਦੇ ’ਤੇ ਇਨਸਾਫ਼ ਲਈ ਕੋਈ ਪ੍ਰਭਾਵਸ਼ਾਲੀ ਪੈਰਵਾਈ ਨਹੀਂ ਕਰ ਸਕੀ, ਸਿਵਾਏ ਸਿਆਸਤ ਕਰਨ ਦੇ। ਉਨ੍ਹਾਂ ਆਖਿਆ ਕਿ ਅਦਾਲਤਾਂ ਨੇ ਦਰਜਨਾਂ ਕੇਸ ਇਹ ਕਹਿ ਕੇ ਬੰਦ ਕਰ ਦਿੱਤੇ ਸਨ ਕਿ ਇਨ੍ਹਾਂ ਦੇ ਮੁੱਖ ਗਵਾਹ ਨਹੀਂ ਲੱਭ ਰਹੇ, ਅਸੀਂ ਗਵਾਹਾਂ ਨੂੰ ਲੱਭ ਕੇ ਅਦਾਲਤ ਕੋਲ ਬਿਆਨ ਦਿਵਾਏ। ਇਸੇ ਤਰ੍ਹਾਂ ‘ਸਿੱਖਸ ਫ਼ਾਰ ਜਸਟਿਸ’ ਵਲੋਂ ਅਮਰੀਕਾ ਦੀ ਸੰਘੀ ਅਦਾਲਤ ’ਚ ਭਾਰਤ ਦੇ ਮੌਜੂਦਾ ਮੰਤਰੀ ਕਮਲ ਨਾਥ ਵਿਰੁੱਧ ਸਿੱਖ ਕਤਲੇਆਮ ਦਾ ਕੇਸ ਦਰਜ ਕਰਵਾਇਆ।
ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਫ਼ੈਡਰੇਸ਼ਨ ਦੇ ਉਮੀਦਵਾਰਾਂ ਨੂੰ ਜਿਤਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਭੇਜਣ, ਫ਼ੈਡਰੇਸ਼ਨ ਸਿੱਖ ਕਤਲੇਆਮ ਸਮੇਤ ਹੋਰ ਸਿੱਖ ਮੁੱਦਿਆਂ ’ਤੇ ਪ੍ਰਤੀਬੱਧਤਾ ਨਾਲ ਪਹਿਰਾ ਦੇਣ ਦੇ ਨਾਲ-ਨਾਲ ਸਿੱਖ ਸਿਆਸਤ ’ਚ ਆ ਰਹੇ ਨਿਘਾਰ ਨੂੰ ਠੱਲ੍ਹਣ ਲਈ ਵੀ ਉਪਰਾਲੇ ਕਰੇਗੀ। ਇਸ ਮੌਕੇ ਕਰਨੈਲ ਸਿੰਘ ਪੀਰ-ਮੁਹੰਮਦ ਨਾਲ ਨਵੰਬਰ 1984 ਦੇ ਕਤਲੇਆਮ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਜੰਗਸ਼ੇਰ ਸਿੰਘ, ਫ਼ੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ, ਜਗਰੂਪ ਸਿੰਘ ਚੀਮਾ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਉਦੇ ਸਿੰਘ ਸਰਵਾਲ, ਇੰਦਰਜੀਤ ਸਿੰਘ ਰੀਠਖੇੜੀ, ਫ਼ੈਡਰੇਸ਼ਨ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਧਾਨ ਦਵਿੰਦਰ ਸਿੰਘ ਚਿਰੀਆਂ, ਸਰਕਲ ਜ਼ੀਰਾ ਪ੍ਰਧਾਨ ਗੁਰਚਾਨਣ ਸਿੰਘ ਸਮੇਤ ਅਨੇਕਾਂ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਨੰਬਰਦਾਰ ਆਦਿ ਹਾਜ਼ਰ ਸਨ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਹਲਕਾ ਜੈਤੋਂ ਤੋਂ ਭਾਈ ਬੇਅੰਤ ਸਿੰਘ ਸਿੱਧੂ, ਹਲਕਾ ਬੁਢਲਾਡਾ ਤੋਂ ਭਾਈ ਮੱਖਣ ਸਿੰਘ ਅਤੇ ਹਰਿਆਣਾ ਦੇ ਹਲਕਾ ਜਮੁਨਾਨਗਰ ਤੋਂ ਭਾਈ ਇਕਬਾਲ ਸਿੰਘ ਫ਼ੈਡਰੇਸ਼ਨ ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਫ਼ੈਡਰੇਸ਼ਨ ਵਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਸੀ।
ਇਸੇ ਦੌਰਾਨ ਫ਼ੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਹਲਕਾ ਜਲਾਲਾਬਾਦ-ਪੱਛਮੀ ਤੋਂ ਆਪਣੀ ਉਮੀਦਵਾਰੀ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਹਨ। ਇਸ ਮੌਕੇ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ-ਮੁਹੰਮਦ ਸਣੇ ਦਰਜਨਾਂ ਫ਼ੈਡਰੇਸ਼ਨ ਆਗੂ ਅਤੇ ਸਮਰਥਕ ਵੀ ਹਾਜ਼ਰ ਸਨ। ਬਾਕੀ 15 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਭਲ੍ਹਕੇ ਦਾਖ਼ਲ ਕਰਵਾਏ ਜਾਣਗੇ।