ਭਾਰਤੀ ਕ੍ਰਿਕਟ ਦਰਸ਼ਕਾਂ ਦੀ ਇਕ ਖੂਬੀ ਇਹ ਰਹੀ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਜਿੱਤ ਦੀ ਹੈ ਤਾਂ ਉਹ ਆਪਣੀ ਟੀਮ ਦੇ ਮਾਮੂਲੀ ਜਿਹੇ ਖਿਡਾਰੀਆਂ ਨੂੰ ਵੀ ਨਵੇਂ ਤੋਂ ਨਵੇਂ ਖਿਤਾਬ ਦੇ ਦਿੰਦੇ ਹਨ। ਕਿਸੇ ਨੂੰ ‘ਦ ਵਾਲ’, ਕਿਸੇ ਨੂੰ ‘ਦਿੱਲੀ ਕਾ ਨਵਾਬ’ ਆਦਿ ਨਾਵਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਟੀਮ ਹਾਰਨ ਲਗਦੀ ਹੈ ਤਾਂ ‘ਭਾਰਤੀ ਸ਼ੇਰ’ ਅਖਵਾਉਣ ਵਾਲੀ ਟੀਮ ‘ਮਿੱਟੀ ਕੇ ਸ਼ੇਰ’ ਦੇ ਨਾਮ ਨਾਲ ਸੰਬੋਧਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਕੁੱਝ ਰਿਕਾਰਡ ਆਪਣੇ ਨਾਮ ਕਰ ਲੈਣ ਵਾਲੇ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਕਾ ਭਗਵਾਨ ਆਖਣੋਂ ਵੀ ਭਾਰਤੀ ਮੀਡੀਆ ਅਤੇ ਭਾਰਤੀ ਦਰਸ਼ਕ ਨਹੀਂ ਟਲਦੇ। ਇਹੀ ਕਾਰਨ ਹੈ ਕਿ ਭਾਰਤੀ ਫਿਲਮ ਇੰਡਸਟਰੀ ਬਾਲੀਵੁੱਡ ਵਿਚ ਵੀ ਐਕਟਰਾਂ ਦੇ ਮੰਦਰ ਬਣਾਕੇ ਉਨ੍ਹਾਂ ਦੀਆਂ ਮੂਰਤੀਆਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸਤੋਂ ਇਹ ਪਤਾ ਚਲਦਾ ਹੈ ਕਿ ਭਾਰਤੀ ਲੋਕ ਇਕ ਆਮ ਆਦਮੀ ਨੂੰ ਵੀ ਭਗਵਾਨ ਦਾ ਦਰਜਾ ਦੇਣੋਂ ਨਹੀਂ ਟਲਦੇ। ਅਮਿਤਾਬ ਬਚਨ ਜਿਸਨੇ ਆਪਣੀਆਂ ਫਿਲਮਾਂ ਵਿਚ ਮਾੜੇ ਤੋਂ ਮਾੜੇ ਆਦਮੀ ਦੇ ਵੀ ਕਿਰਦਾਰ ਨਿਭਾਏ ਹਨ। ਅਜਿਹੇ ਸ਼ਖ਼ਸ ਦੇ ਮੰਦਰ ਬਣਵਾਕੇ ਇਹ ਦਰਸ਼ਕ ਕੀ ਸਾਬਤ ਕਰਨਾ ਚਾਹੁੰਦੇ ਹਨ?
ਇਸੇ ਹਿਸਾਬ ਨਾਲ ਜਦੋਂ ਭਾਰਤੀ ਟੀਮ 28 ਸਾਲਾਂ ਬਾਅਦ ਵਰਲਡ ਚੈਂਪੀਅਨ ਬਣਦੀ ਹੈ ਤਾਂ ਸਾਡੇ ਇਹ ਦਰਸ਼ਕ ਸਚਿਨ ਨੂੰ ਕ੍ਰਿਕਟ ਦਾ ਭਗਵਾਨ ਕਹਿਕੇ ਸੰਬੋਧਨ ਕਰਨ ਲੱਗ ਪੈਂਦੇ ਹਨ। ਧੋਨੀ ਦੀਆਂ ਸਿਫ਼ਤਾਂ ਦੇ ਕਸੀਦੇ ਪੜ੍ਹਨੇ ਸ਼ੁਰੂ ਕਰ ਦਿੰਦੇ ਹਨ। ਜਦੋਂ ਉਹੀ ਭਾਰਤੀ ਟੀਮ ਹਾਰਨ ਲੱਗਦੀ ਹੈ ਤਾਂ ਧੋਨੀ ਵਲੋਂ ਕਪਤਾਨੀ ਛੱਡਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ ਭਾਰਤੀ ਖਿਡਾਰੀਆਂ ਨੂੰ ਜਿੰਨੀ ਇੱਜ਼ਤ ਜੇਤੂ ਹੁੰਦਿਆਂ ਮਿਲਦੀ ਹੈ ਓਨਾ ਹੀ ਬੁਰੀ ਤਰ੍ਹਾਂ ਉਸਨੂੰ ਬੇਇਜੱ਼ਤ ਕਰਕੇ ਟੀਮ ਚੋਂ ਕੱਢਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਖੇਡੀ ਜਾਣ ਵਾਲੀ ਕ੍ਰਿਕਟ ਖੇਡ ਵਿਚ ਭਾਰਤੀ ਕ੍ਰਿਕਟ ਟੀਮ ਜਦੋਂ 28 ਸਾਲਾਂ ਬਾਅਦ ਵੀ ਵਰਲਡ ਚੈਂਪੀਅਨ ਬਣਦੀ ਹੈ ਤਾਂ ਦਰਸ਼ਕ ਉਸਨੂੰ ਸਤਵੇਂ ਅਸਮਾਨ ‘ਤੇ ਬਿਠਾ ਦਿੰਦੇ ਹਨ। ਪਰੰਤੂ ਜਦੋਂ ਭਾਰਤੀ ਨਿਸ਼ਾਨੇਬਾਜ਼ ਅਭਿਨਵ ਦੁਨੀਆਂ ਭਰ ਦੀਆਂ ਟੀਮਾਂ ਨੂੰ ਹਰਾਕੇ ਉਲੰਪਿਕ ਇਤਿਹਾਸ ਦਾ ਪਹਿਲਾ ਸੋਨ ਤਗਮਾ ਜਿੱਤਕੇ ਵਾਪਸ ਆਉਂਦਾ ਹੈ ਤਾਂ ਅਖ਼ਬਾਰਾਂ ਉਸਦੀ ਵਾਪਸੀ ਤੱਕ ਹੀ ਉਸਨੂੰ ਯਾਦ ਰੱਖਦੀਆਂ ਹਨ। ਉਸਤੋਂ ਬਾਅਦ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਅਭਿਨਵ ਨੇ ਕਿਸ ਖੇਡ ਚੋਂ ਕਿਹੜੇ ਸਾਲ ਉਲੰਪਿਕ ਤਗਮਾ ਜਿੱਤਿਆ ਸੀ।
ਹੁਣੇ ਜਿਹੇ ਭਾਰਤੀ ਟੀਮ ਇੰਗਲੈਂਡ ਵਿਚ ਦੋ ਟੈਸਟ ਮੈਚ ਹਾਰ ਚੁੱਕੀ ਹੈ ਅਤੇ ਤੀਜੇ ਵਿਚ ਵੀ ਉਸਦਾ ਹਸ਼ਰ ਬੁਰਾ ਹੀ ਹੋ ਰਿਹਾ ਹੈ। ਇਥੇ ਟੀਮ ਵਲੋਂ ਇੰਗਲੈਂਡ ਦੀਆਂ ਪਿਚਾਂ ਉਪਰ ਦੋਸ਼ ਧਰਕੇ ਆਪਣੀ ਟੀਮ ਦਾ ਬਚਾਅ ਕੀਤਾ ਜਾ ਰਿਹਾ ਹੈ। ਇਕ ਪਾਸੇ ਤਾਂ ਭਾਰਤੀ ਮੀਡੀਆ ਦਾ ਕਹਿਣਾ ਹੈ ਕਿ ਭਾਰਤੀ ਟੀਮ ਨੰਬਰ ਇਕ ਟੀਮ ਹੈ। ਦੂਜੇ ਪਾਸੇ ਪਿਚਾਂ ਦੀਆਂ ਗੱਲਾਂ ਕਰਕੇ ਟੀਮ ਦਾ ਬਚਾਅ ਕੀਤਾ ਜਾ ਰਿਹਾ ਹੈ। ਪਿਚਾਂ ਮਾੜੀਆਂ ਹੋਣ ਜਾਂ ਚੰਗੀਆਂ ਦੋਵੇਂ ਟੀਮਾਂ ਲਈ ਹੀ ਇਕੋ ਜਿਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤੀ ਟੀਮ ਅਜਿਹੀ ਸਵਿੰਗ ਵਾਲੀਆਂ ਪਿਚਾਂ ‘ਤੇ ਖੇਡਣ ਦੀ ਆਦੀ ਨਹੀਂ ਹੈ। ਫਿਰ ਕਿਉਂ ਨਹੀਂ ਨੰਬਰ ਇਕ ਟੀਮ ਨੂੰ ਇੰਗਲੈਂਡ ਦੀਆਂ ਪਿਚਾਂ ਦੇ ਅਨੁਕੂਲ ਪਿਚਾਂ ਉਪਰ ਖੇਡਣ ਦੀ ਆਦਤ ਪਾਈ ਗਈ? ਬੱਚਿਆਂ ਵਾਂਗ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਦਾ ਬਚਾਅ ਕਰਨ ਦੀ ਬਜਾਏ ਹੋਰਨਾਂ ਖੇਡਾਂ ਵੱਲ ਵੀ ਧਿਆਨ ਦਿੱਤੇ ਜਾਣ ਦੀ ਲੋੜ ਹੈ। ਜੇਕਰ ਸਾਡੀ ਇਕ ਖੇਡ ਦੀ ਟੀਮ ਮਾੜਾ ਪ੍ਰਦਰਸ਼ਨ ਕਰਦੀ ਹੈ ਤਾਂ ਘਟੋ ਘਟ ਸੰਸਾਰ ਪੱਧਰ ‘ਤੇ ਕੋਈ ਹੋਰ ਖੇਡ ਖੇਡਣ ਵਾਲੀ ਟੀਮ ਭਾਰਤੀਆਂ ਦੀ ਕੱਟੀ ਜਾਂਦੀ ਨੱਕ ਨੂੰ ਬਚਾ ਸਕੇ। ਗਿਣਤੀ ਦੇ ਹਿਸਾਬ ਨਾਲ ਦੁਨੀਆਂ ਵਿਚ ਪਹਿਲੇ ਨੰਬਰ ‘ਤੇ ਪਹੁੰਚਣ ਦੇ ਕਰੀਬ ਅਤੇ ਦੂਜੇ ਨੰਬਰ ‘ਤੇ ਪਹੁੰਚੇ ਹੋਏ ਭਾਰਤ ਦਾ ਯੋਗਦਾਨ ਜੇਕਰ ਖੇਡਾਂ ਵਿਚ ਵੇਖਿਆ ਜਾਵੇ ਤਾਂ ਉਨ੍ਹਾਂ ਦੇ ਹਿੱਸੇ ਕੁਝ ਦੇਸ਼ਾਂ ਵਿਚ ਖੇਡੀ ਜਾਣ ਵਾਲੀ ਕ੍ਰਿਕਟ ਦੀ ਖੇਡ ਹੀ ਆਉਂਦੀ ਹੈ ਅਤੇ ਉਸ ਵਿਚ ਵੀ ਜੇਤੂ ਹੋਣਾ ਢਾਈ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਹੀ ਨਸੀਬ ਹੁੰਦਾ ਹੈ।
ਮੌਜੂਦਾ ਸਮੇਂ ਭਾਰਤ ਵਿਚ ਜਦੋਂ ਕ੍ਰਿਕਟ ਦਾ ਕੋਈ ਆਮ ਜਿਹਾ ਮੈਚ ਵੀ ਚਲ ਰਿਹਾ ਹੁੰਦਾ ਹੈ ਤਾਂ ਸਟੇਡੀਅਮ ਲੋਕਾਂ ਨਾਲ ਭਰੇ ਹੁੰਦੇ ਹਨ ਅਤੇ ਲੋਕੀਂ ਆਪੋ ਆਪਣੇ ਟੈਲੀਵੀਜ਼ਨਾਂ ਨਾਲ ਚਿੰਬੜੇ ਬੈਠੇ ਹੁੰਦੇ ਹਨ। ਪਰ ਜਦੋਂ ਹੋਰਨਾਂ ਭਾਰਤੀ ਖੇਡਾਂ ਦਾ ਦੁਨਿਆਵੀ ਪੱਧਰ ਦਾ ਕੋਈ ਮੈਚ ਚਲ ਰਿਹਾ ਹੁੰਦਾ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੋਈ ਸੰਸਾਰ ਪੱਧਰੀ ਖੇਡ ਚਲ ਰਹੀ ਹੈ। ਹਾਂ, ਮੀਡੀਆ ਵਲੋਂ ਉਸ ਟੂਰਨਾਮੈਂਟ ਵਿਚ ਜੇਤੂ ਹੋਣ ਵਾਲੇ ਭਾਰਤੀ ਖਿਡਾਰੀ ਬਾਰੇ ਕੁਝ ਲਾਈਨਾਂ ਜ਼ਰੂਰ ਪੜ੍ਹਨ ਨੂੰ ਜ਼ਰੂਰ ਮਿਲ ਜਾਂਦੀਆਂ ਹਨ। ਟੈਨਿਸ ਖਿਡਾਰਨ ਸਾਨੀਆਂ ਮਿਰਜ਼ਾ ਜਦੋਂ ਦੁਨਿਆਵੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੁੰਦੀ ਹੈ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਪਰੰਤੂ ਜਦੋਂ ਉਹੀ ਸਕਰਟ ਪਾਕੇ ਖੇਡਦੀ ਹੈ ਤਾਂ ਉਸਨੂੰ ਭਾਰਤੀ ਸਭਿਅਤਾ ਨਾਲ ਜੋੜਕੇ ਬਦਨਾਮ ਕਰਨ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਵੇਂ ਹੀ ਜਦੋਂ ਸਾਈਨਾ ਨੇਹਵਾਲ ਬੈਡਮਿੰਟਨ ਵਿਚ ਕੋਈ ਖਿਤਾਬ ਜਿੱਤਕੇ ਪਰਤਦੀ ਹੈ ਤਾਂ ਭਾਰਤੀ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਚਲਦਾ।
ਮੇਰੀ ਜਾਚੇ ਇਹੀ ਕਾਰਨ ਹੈ ਕਿ ਭਾਰਤੀ ਦਰਸ਼ਕਾਂ ਦਾ ਕ੍ਰਿਕਟ ਵੱਲ ਵਧੇਰੇ ਰੁਝਾਨ ਬਾਕੀ ਖੇਡਾਂ ਨੂੰ ਖਾਈ ਜਾ ਰਿਹਾ ਹੈ। ਭਾਰਤ ਵਿਚ ਬੱਚੇ ਪੈਦਾ ਹੁੰਦੇ ਸਾਰ ਹੀ ਆਪਣਾ ਰੁਝਾਨ ਕ੍ਰਿਕਟ ਵੱਲ ਬਣਾ ਲੈਂਦੇ ਹਨ। ਬਾਕੀ ਖੇਡਾਂ ਇਸ ਵੱਡੇ ਦਰਖਤ ਕ੍ਰਿਕਟ ਦੇ ਹੇਠਾਂ ਆਕੇ ਖ਼ਤਮ ਹੋ ਜਾਂਦੀਆਂ ਹਨ। ਕੋਈ ਹੀ ਵੱਡੇ ਜਿਗਰੇ ਵਾਲਾ ਸ਼ਖ਼ਸ ਕਿਸੇ ਹੋਰ ਖੇਡ ਨੂੰ ਖੇਡਣ ਦੀ ਹਿੰਮਤ ਕਰ ਪਾਉਂਦਾ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਟੀ ਵੀ ਉਪਰ ਇਸ਼ਤਿਹਾਰ ਦਿੰਦਿਆਂ ਆਮ ਵੇਖਿਆ ਜਾ ਸਕਦਾ ਹੈ ਜਦਕਿ ਬਾਕੀ ਖਿਡਾਰੀਆਂ ਜਾਂ ਟੀਮਾਂ ਨੂੰ ਕੋਈ ਕੰਪਨੀ ਸਪਾਂਸਰ ਕਰਕੇ ਆਪਣਾ ਧਨ ਬਰਬਾਦ ਕਰਨ ਤੋਂ ਵੀ ਗੁਰੇਜ਼ ਕਰਦੀ ਹੈ। ਜੇਕਰ ਵੇਖਿਆ ਜਾਵੇ ਤਾਂ ਕ੍ਰਿਕਟ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਭਾਰਤ, ਪਾਕਿਸਤਾਨ, ਸ੍ਰੀਲੰਕਾ, ਵੈਸਟ ਇੰਡੀਜ਼ ਅਤੇ ਕੁਝ ਹੋਰ ਉਂਗਲੀਆਂ ‘ਤੇ ਗਿਣੇ ਜਾਣ ਵਾਲੇ ਦੇਸ਼ਾਂ ਵਿਚ ਹੀ ਖੇਡੀ ਜਾਂਦੀ ਹੈ ਪਰੰਤੂ ਇਸ ਉਪਰ ਧਨ ਦੀ ਵਰਖਾ ਹੁੰਦੀ ਹੈ। ਪਰੰਤੂ ਹਾਕੀ, ਟੈਨਿਸ, ਬੈਡਮਿੰਟਨ, ਅਥਲੈਟਿਕਸ ਆਦਿ ਹੋਰਨਾਂ ਖੇਡਾਂ ਦੁਨਿਆਵੀ ਪੱਧਰ ‘ਤੇ ਖੇਡੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਪੁਛਦਾ ਤੱਕ ਵੀ ਨਹੀਂ ਹੈ। ਇਨ੍ਹਾਂ ਟੀਮਾਂ ਦੇ ਖਿਡਾਰੀਆਂ ਨੂੰ ਨਾ ਚੰਗੇ ਕੋਚ ਮਿਲ ਪਾਉਂਦੇ ਹਨ ਅਤੇ ਨਾ ਹੀ ਖਰਚੇ ਕਰਨ ਲਈ ਚੰਗੇ ਸਪਾਂਸਰ। ਪਰ ਸਾਡੀਆਂ ਇਨ੍ਹਾਂ ਸੰਸਾਰ ਪੱਧਰੀ ਟੀਮਾਂ ਦੇ ਖਿਡਾਰੀ ਜਦੋਂ ਚੰਗੇ ਕੋਚਾਂ ਦੀ ਕਮੀ ਕਰਕੇ ਹਾਰਕੇ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਨੂੰ ਜ਼ਲੀਲ ਕਰਨ ਵਿਚ ਨਾ ਹੀ ਭਾਰਤੀ ਲੋਕ ਅਤੇ ਨਾ ਹੀ ਭਾਰਤੀ ਮੀਡੀਆਂ ਬਖ਼ਸ਼ਦਾ ਹੈ। ਜਦੋਂ ਤੱਕ ਭਾਰਤੀ ਦਰਸ਼ਕਾਂ ਦੀ ਇਸ ਪ੍ਰਵਿਰਤੀ ਨੂੰ ਬਦਲਿਆ ਨਹੀਂ ਜਾਂਦਾ ਉਦੋਂ ਤੱਕ ਭਾਰਤ ਦੀਆਂ ਹੋਰ ਟੀਮਾਂ ਪਾਸੋਂ ਕਿਸੇ ਪ੍ਰਕਾਰ ਦੀ ਜਿੱਤ ਦੀ ਆਸ ਰੱਖਣੀ ਨਾ-ਮੁਮਕਿਨ ਜਿਹੀ ਲਗਦੀ ਹੈ। ਇਸ ਲਈ ਭਾਰਤ ਸਰਕਾਰ ਨੂੰ ਇਨ੍ਹਾਂ ਟੀਮਾਂ ਦੀ ਚੰਗੀ ਟ੍ਰੇਨਿੰਗ ਆਦਿ ਲਈ ਵੀ ਉਚੇਚੇ ਕਦਮ ਚੁਕਣ ਦੀ ਲੋੜ ਹੈ। ਜੇਕਰ ਇਸਨੂੰ ਟ੍ਰੇਨਿੰਗ ਦੇਣ ਲਈ ਚੰਗੇ ਪ੍ਰਬੰਧਾਂ ਅਤੇ ਕੋਚਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਪਾਸੋਂ ਮੈਡਲਾਂ ਦੀ ਆਸ ਰੱਖਣੀ ਵੀ ਰਾਤ ਸਮੇਂ ਸੂਰਜ ਵੇਖਣ ਦੀ ਆਸ ਰੱਖਣ ਵਾਂਗ ਇਕ ਮੂਰਖਤਾ ਤੋਂ ਵੱਧ ਕੁਝ ਨਹੀਂ ਹੋਵੇਗੀ।