ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਸਾਰੇ ਮਸਲੇ ਗੱਲਬਾਤ ਦੁਆਰਾ ਹਲ ਕਰਨ ਪ੍ਰਤੀ ਆਪਣੀ ਵਚਨਬਧਤਾ ਜਾਹਿਰ ਕੀਤੀ ਤਾਂ ਕਿ ਦੋਵੇਂ ਦੇਸ਼ ਗਰੀਬੀ ਅਤੇ ਪਿੱਛੜੇਪਣ ਦੇ ਸਰਾਪ ਤੋਂ ਮੁਕਤੀ ਪ੍ਰਾਪਤ ਕਰ ਸਕਣ। ਕਸ਼ਮੀਰ ਸਬੰਧੀ ਮੁੱਦੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਸਾਡੀ ਦੁੱਖਦੀ ਰਗ ਹੈ।
ਪਾਕਿਸਤਾਨ ਦੇ ਸੁਤੰਤਰਤਾ ਦਿਵਸ ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ, “ ਇਸ ਸਚਾਈ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਕਸ਼ਮੀਰ ਪਾਕਿਸਤਾਨ ਦੀ ਦੁੱਖਦੀ ਰਗ ਹੈ। ਅੰਤਰਰਾਸ਼ਟਰੀ ਭਾਈਚਾਰੇ ਨੇ ਵੀ ਕਸ਼ਮੀਰੀਆਂ ਦੇ ਆਤਮਨਿਰਣੇ ਦੇ ਅਧਿਕਾਰ ਨੂੰ ਮੰਨਿਆ ਹੈ।” ਗਿਲਾਨੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਨੂੰ ਨੈਤਿਕ ਕੂਟਨੀਤਕ ਅਤੇ ਰਾਜਨੀਤਕ ਸਮਰਥਣ ਜਾਰੀ ਰੱਖੇਗਾ ਤਾਂ ਕਿ ਉਹ ਆਪਣਾ ਅਧਿਕਾਰ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਸਾਰੇ ਦੇਸ਼ਾਂ ਨਾਲ ਸਮਾਨਤਾ ਅਤੇ ਸਦਭਾਵਨਾ ਦੇ ਆਧਾਰ ਤੇ ਸਬੰਧਾਂ ਨੂੰ ਵਧਾਉਣਾ ਚਾਹੁੰਦੇ ਹਨ ਪਰ ਕਿਸੇ ਦੀ ਵੀ ਧੌਂਸ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨੇ ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧਾਂ ਨੂੰ ਬਹੁਤ ਮਹੱਤਵਪੂਰਣ ਦਸਿਆ। ਪ੍ਰਧਾਨਮੰਤਰੀ ਗਿਲਾਨੀ ਨੇ ਚੀਨ ਨਾਲ ਦੋਸਤੀ ਨੂੰ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਣ ਸਤੰਭ ਦਸਿਆ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਸਾਡੀ ਦੋਸਤੀ ਸਮੁੰਦਰ ਤੋਂ ਡੂੰਘੀ ਅਤੇ ਹਿਮਾਲਿਆ ਪਹਾੜ ਤੋਂ ਉਚੀ ਹੈ।