ਮੁੰਬਈ- ਬਾਲੀਵੁੱਡ ਦੇ ਹਰਮਨ ਪਿਆਰੇ ਅਤੇ ਸਦਾ ਬਹਾਰ ਅਭਿਨੇਤਾ ਸ਼ਮੀ ਕਪੂਰ ਨਹੀਂ ਰਹੇ। ਉਹ 79 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਐਤਵਾਰ ਸਵੇਰੇ ਮੁੰਬਈ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸ਼ਮੀ ਕਪੂਰ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਡਾਇਲਿਸਿਸ ਦੇ ਲਈ ਲਿਜਾਇਆ ਜਾਂਦਾ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਪੂਰੇ ਬਾਲੀਵੁੱਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ।
ਸ਼ਮੀ ਕਪੂਰ ਦਾ ਜਨਮ 21 ਅਕਤੂਬਰ 1931 ਵਿੱਚ ਮੁੰਬਈ ਵਿੱਚ ਹੀ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ਮਸ਼ੇਰ ਰਾਜ ਕਪੂਰ ਸੀ। ਉਨ੍ਹਾਂ ਨੇ ਥਿਏਟਰ ਤਂ ਹੀ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। 1953 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ‘ ਜੀਵਨ ਜੋਤੀ’ ਵਿੱਚ ਕੰਮ ਕੀਤਾ। ਫਿਲਮ ‘ ਤੁਮ ਸਾ ਨਹੀਂ ਦੇਖਾ’ ਤੋਂ ਉਨ੍ਹਾਂ ਦੇ ਕੈਰੀਅਰ ਦੀ ਸਫ਼ਲਤਾ ਦੀ ਸ਼ੁਰੂਆਤ ਹੋਈ। ਉਨ੍ਹਾਂ ਨੂੰ ਸੱਭ ਤੋਂ ਜਿਆਦਾ ‘ ਜੰਗਲੀ ‘ ਫਿਲਮ ਲਈ ਯਾਦ ਕੀਤਾ ਜਾਂਦਾ ਹੈ। ਇਸ ਫਿ਼ਲਮ ਦੇ ਗਾਣੇ ‘ਚਾਹੇ ਮੁਝੇ ਕੋਈ ਜੰਗਲੀ ਕਹੇ’ ਨੇ ਉਨ੍ਹਾਂ ਨੂੰ ਰਾਤੋ ਰਾਤ ਸਿਖਰਾਂ ਤੇ ਪਹੁੰਚਾ ਦਿੱਤਾ। ਸ਼ਮੀ ਨੇ ਪ੍ਰੋਫੈਸਰ, ਪਿਆਰ ਕੀਯਾ ਤੋਂ ਡਰਨਾ ਕਿਆ, ਕਸ਼ਮੀਰ ਕੀ ਕਲੀ, ਚਾਈਨਾ ਟਾਊਨ, ਬਲਫ਼ ਮਾਸਟਰ, ਜਾਨਵਰ, ਤੀਸਰੀ ਮੰਜਿ਼ਲ, ਰਾਜਕੁਮਾਰ, ਬਦਤਮੀਜ਼, ਐਨ ਈਵਨਿੰਗ ਇਨ ਪੈਰਿਸ, ਪ੍ਰਿਸ ਅਤੇ ਬ੍ਰਹਮਚਾਰੀ ਵਰਗੀਆਂ ਕਈ ਸੁਪਰਹਿੱਟ ਫਿ਼ਲਮਾਂ ਦਿੱਤੀਆਂ।