ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਹੈ ਅਤੇ ਇਸ ਨੂੰ ਕੋਈ ਇੱਕ ਵੱਡਾ ਕਦਮ ਚੁੱਕ ਕੇ ਦੂਰ ਨਹੀਂ ਕੀਤਾ ਜਾ ਸਕਦਾ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੁਤੰਤਰਤਾ ਦਿਵਸ ਦੀ 64 ਵੀਂ ਵਰ੍ਹੇਗੰਢ ਤੇ ਲਾਲ ਕਿਲ੍ਹੇ ਤੋਂ ਭਾਸ਼ਣ ਦਿੰਦੇ ਹੋਏ ਕਿਹਾ ਕਿ ਦੁਨੀਆ ਮੰਨਦੀ ਹੈ ਕਿ ਭਾਰਤ ਵਿੱਚ ਇੱਕ ਬਹੁਤ ਵੱਡੀ ਆਰਥਿਕ ਤਾਕਤ ਵਜੋਂ ਉਭਰਨ ਦੀ ਯੋਗਤਾ ਹੈ, ਪਰ ਸਾਡੀ ਤਰੱਕੀ ਦੇ ਰਸਤੇ ਵਿੱਚ ਭ੍ਰਿਸ਼ਟਾਚਾਰ ਇੱਕ ਬਹੁਤ ਭਾਰੀ ਰੁਕਾਵਟ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਕੁਝ ਅਰਸੇ ਤੋਂ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਕੁਝ ਤੇ ਕੇਂਦਰ ਸਰਕਾਰ ਦੇ ਉਚ ਅਹੁਦੇਦਾਰਾਂ ਅਤੇ ਕੁਝ ਮਾਮਲਿਆਂ ਵਿੱਚ ਰਾਜ ਸਰਕਾਰਾਂ ਵਿੱਚ ਸ਼ਾਮਿਲ ਲੋਕਾਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗੇ ਹਨ। ਉਨ੍ਹਾਂ ਨੇ ਕਿਹਾ, “ ਇਹ ਜਰੂਰੀ ਹੈ ਜਦੋਂ ਇਨ੍ਹਾਂ ਮਸਲਿਆਂ ਤੇ ਵਿਚਾਰ ਕੀਤਾ ਜਾਵੇ ਤਾਂ ਅਜਿਹਾ ਮਹੌਲ ਪੈਦਾ ਨਾਂ ਕੀਤਾ ਜਾਵੇ ਕਿ ਦੇਸ਼ ਦੀ ਉਨਤੀ ਤੇ ਹੀ ਸਵਾਲ ਖੜ੍ਹੇ ਹੋਣ।” ਪ੍ਰਧਾਨਮੰਤਰੀ ਨੇ ਰਿਸ਼ਵਤਖੋਰੀ ਦੇ ਤਰੀਕਿਆਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਵਿੱਚ ਇਸ ਨੂੰ ਹਲ ਕਰਨ ਲਈ ਆਤਮਵਿਸ਼ਵਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਇੱਕ ਵੱਡੇ ਕਦਮ ਨਾਲ ਅਸੀ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕਦੇ। ਇਸ ਦੇ ਲਈ ਸਾਨੂੰ ਕਈ ਮੋਰਚਿਆਂ ਤੇ ਮਿਲ ਕੇ ਕੰਮ ਕਰਨਾ ਹੋਵੇਗਾ।
ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਇੱਕ ਸੁਤੰਤਰ ਲੋਕਪਾਲ ਦਾ ਗਠਨ ਕਰਨਾ ਚਾਹੁੰਦੀ ਹੈ ਪਰ ਇਸ ਦਾ ਫੈਸਲਾ ਸੰਸਦ ਹੀ ਕਰ ਸਕਦੀ ਹੈ ਕਿ ਇਸ ਸਬੰਧੀ ਕਿਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਦੇ ਹੱਕ ਵਿੱਚ ਨਹੀਂ ਹਨ ਕਿ ਆਪਣੀ ਗੱਲ ਮਨਵਾਉਣ ਲਈ ਭੁੱਖ ਹੜਤਾਲ ਜਾਂ ਅਨਸ਼ਨ ਵਰਗੇ ਰਸਤੇ ਅਪਨਾਏ ਜਾਣ। ਉਨ੍ਹਾਂ ਅਨੁਸਾਰ ਨਿਆਂਪਾਲਿਕਾ ਨੂੰ ਲੋਕਪਾਲ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਜਾਵੇਗਾ। ਪ੍ਰਧਾਨਮੰਤਰੀ ਦੇ ਭਾਸ਼ਣ ਦੌਰਾਨ ਲਾਲ ਕਿਲ੍ਹੇ ਅਤੇ ਉਸ ਦੇ ਆਸ ਪਾਸ ਦੇ ਖੇਤਰ ਵਿੱਚ ‘ਨੋ ਫਲਾਈ ਜੋਨ’ ਰਿਹਾ।