ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਆਪਣੇ ਪਰਿਵਾਰਾਂ ਸਮੇਤ 25, ਅਗਸਤ ਤਕ ਅੰਮ੍ਰਿਤ ਛੱਕ ਲੈਣ ਦੀ ਦਿੱਤੀ ਗਈ ਹਿਦਾਇਤ ਦਾ ਸੁਆਗਤ ਕਰਦਿਆਂ ਇਸਨੂੰ ਉਨ੍ਹਾਂ ਦਾ ਦਲੇਰੀ ਭਰਿਆ ਫੈਸਲਾ ਕਰਾਰ ਦਿੱਤਾ ਹੈ।
ਸ. ਸਰਨਾ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਇਹ ਫੈਸਲਾ ਸੁਆਗਤ ਅਤੇ ਪ੍ਰਸ਼ੰਸਾਯੋਗ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਆਪਣੀ ਇਸ ਹਿਦਾਇਤ ਪੁਰ ਅਮਲ ਕਰਵਾਉਣ ਪ੍ਰਤੀ ਵੀ ਦ੍ਰਿੜ੍ਹ-ਸੰਕਲਪ ਹੋਣਾ ਚਾਹੀਦਾ ਹੈ।
ਸ. ਸਰਨਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਿਸਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਅੰਮ੍ਰਿਤ ਛੱਕਣ ਦੀ ਹਿਦਾਇਤ ਕਰਨ ਦਾ ਦਲੇਰਾਨਾ ਫੈਸਲਾ ਕੀਤਾ ਹੈ, ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ-ਜੋੜਾਂ ਵਿੱਚ ਹੇਰ-ਫੇਰ ਦੇ ਹੋਏ ਗੁਨਾਹ ਲਈ ਜ਼ਿਮੇਂਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਵਰਗੇ ਰਾਮਰਾਈਆਂ ਵਿਰੁਧ ਕਾਰਵਾਈ ਕਰਨ ਵਿੱਚ ਵੀ ਦਲੇਰੀ ਭਰੀ ਦ੍ਰਿੜ੍ਹਤਾ ਵਿਖਾਣੀ ਚਾਹੀਦੀ ਹੈ।