ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ, ਬਾਦਲ ਦਲ ਦੇ ਵਿਰੋਧੀ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪੰਜਬ ਦੌਰੇ ਕਰਨ ਤੋਂ ਰੋਕਣ ਲਈ ਬਾਦਲ ਦਲ ਵਲੋਂ ਇੱਕ ਗਿਣੀ-ਮਿੱਥੀ ਸਾਜ਼ਸ਼ ਅਧੀਨ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਬੋਰਡ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਦੋਸ਼ ਸ. ਹਰਮੀਤ ਸਿੰਘ ਕਾਲਕਾ ਪ੍ਰਧਾਨ, ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਲਾਇਆ।
ਸ. ਹਰਮੀਤ ਸਿੰਘ ਕਾਲਕਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਦੀਆਂ ਅਣਥੱਕ ਕੌਸ਼ਿਸ਼ਾਂ ਦੇ ਫਲਸਰੂਪ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਪੰਥਕ ਮੋਰਚੇ ਦੇ ਉਮੀਦਵਾਰਾਂ ਦੀ ਸਿੱਧੀ ਟੱਕਰ ਦੀ ਸਥਿਤੀ ਬਣ ਗਈ ਹੈ, ਜੋ ਕਿ ਬਾਦਲ ਦਲ ਦੇ ਮੁੱਖੀਆਂ ਨੂੰ ਆਪਣੇ ਲਈ ਘਾਤਕ ਨਜ਼ਰ ਆਉਣ ਲਗੀ ਹੈ। ਉਨ੍ਹਾਂ ਨੂੰ ਇਹ ਡਰ ਭਾਸਣ ਲਗਾ ਹੈ ਕਿ ਜੇ ਸ. ਸਰਨਾ ਪੰਜਾਬ ਪੁਜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਰਗਰਮ ਹਿਸਾ ਲੈਂਦੇ ਹਨ ਤਾਂ ਸਿੱਖਾਂ ਵਿੱਚਲੇ ਆਪਣੇ ਪ੍ਰਭਾਵ ਦੇ ਚਲਦਿਆਂ ਉਹ ਬਾਦਲ ਦਲ ਦੇ ਉਮੀਦਵਾਰਾਂ ਦੀ ਹਾਰ ਨਿਸ਼ਚਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਉਹ (ਸ. ਸਰਨਾ) ਆਪਣੇ ਇਸੇ ਪ੍ਰਭਾਵ ਦੇ ਚਲਦਿਆਂ ਇਨ੍ਹਾਂ ਚੋਣਾਂ ਵਿੱਚ ਬਾਦਲ ਦਲ ਵਲੋਂ ਸਰਕਾਰੀ ਮਿਸ਼ਨਰੀ ਦੀ ਵਰਤੋਂ ਕੀਤੇ ਜਾਣ ਵਿੱਚ ਵੀ ਰੁਕਾਵਟ ਪੈਦਾ ਕਰ ਸਕਦੇ ਹਨ। ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹੀ ਕਾਰਣ ਹੈ ਕਿ ਬਾਦਲ ਦਲ ਦੇ ਮੁੱਖੀਆਂ ਦੀ ਇਹੀ ਕੌਸ਼ਿਸ਼ ਹੈ ਕਿ ਕਿਸੇਤਰ੍ਹਾਂ ਸ. ਸਰਨਾ ਨੂੰ ਦਿੱਲੀ ਵਿੱਚ ਹੀ ਰੁਝਾ ਦਿੱਤਾ ਜਾਏ ਤੇ ਉਹ ਪੰਜਾਬ ਪੁਜ, ਪੰਥਕ ਉਮੀਦਵਾਰਾਂ ਦੇ ਸਮਰਥਨ ਵਿੱਚ ਸਰਗਰਮ ਹਿਸਾ ਨਾ ਲੈ ਸਕਣ।
ਸ. ਹਰਮੀਤ ਸਿੰਘ ਕਾਲਕਾ ਨੇ ਆਪਣੇ ਬਿਆਨ ਵਿੱਚ ਹੋਰ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦਾ ਚਾਰ-ਸਾਲਾ ਕਾਰਜਕਾਲ ਖਤਮ ਹੋ ਚੁਕਾ ਹੈ ਅਤੇ ਉਸਦੀਆਂ ਆਮ ਚੋਣਾਂ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸੇ ਵੀ ਸਮੇਂ ਆਮ ਚੋਣਾਂ ਦੀ ਪ੍ਰਕ੍ਰਿਆ ਦਾ ਐਲਾਨ ਹੋ ਸਕਦਾ ਹੈ। ਇਸਦੇ ਚਲਦਿਆਂ ਬਾਦਲ ਦਲ ਦੇ ਮੁੱਖੀਆਂ ਵਲੋਂ ਗੁਰਦੁਆਰਾ ਕਮੇਟੀ ਦੇ ਅੰਤ੍ਰਿਗ ਬੋਰਡ ਦੀ ਚੋਣ ਕਰਵਾਏ ਜਾਣ ਦੀ ਮੰਗ ਕੀਤਾ ਜਾਣਾ, ਸ. ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪੰਜਾਬ ਵਿੱਚ ਸਰਗਰਮ ਹਿਸਾ ਲੈਣ ਤੋਂ ਰੋਕੀ ਰਖਣ ਦੀ ਇੱਕ ਗਿਣੀ-ਮਿੱਥੀ ਅਤੇ ਸੋਚੀ-ਸਮਝੀ ਸਾਜ਼ਸ਼ ਹੀ ਗਰਦਾਨੀ ਜਾ ਸਕਦੀ ਹੈ।