ਜੈਪੁਰ- ਸੰਸਦ ਮੈਂਬਰ ਡਾ: ਮਹੇਸ਼ ਜੋਸ਼ੀ ਨੇ ਅੰਨਾ ਹਜ਼ਾਰੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਜੈਪੁਰ ਤੋਂ ਚੋਣ ਲੜਨ ਦੀ ਹਿੰਮਤ ਵਿਖਾਂਉਦਾ ਹੈ ਤਾਂ ਮੈਂ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨ ਲਈ ਤਿਆਰ ਹਾਂ। ਚੋਣਾਂ ਵਿੱਚ ਪਤਾ ਲਗ ਜਾਵੇਗਾ ਕਿ ਅੰਨਾ ਨੂੰ ਕਿੰਨਾਂ ਸਮਰਥਣ ਹਾਸਿਲ ਹੈ।
ਮਹੇਸ਼ ਜੋਸ਼ੀ ਨੇ ਕਿਹਾ ਕਿ ਅੰਨਾ ਦਾਅਵਾ ਕਰ ਰਿਹਾ ਹੈ ਕਿ 85% ਲੋਕ ਕਪਿਲ ਸਿੱਬਲ ਦੇ ਖਿਲਾਫ ਹਨ ਤਾਂ ਫਿਰ ਉਸ ਦੇ ਖਿਲਾਫ਼ ਚੋਣ ਕਿਉਂ ਨਹੀਂ ਲੜਦਾ। ਉਨ੍ਹਾਂ ਕਿਹਾ ਕਿ ਅੰਨਾ ਕਾਂਗਰਸ ਸੰਸਦਾਂ ਦਾ ਘਿਰਾਓ ਕਰਨ ਲਈ ਕਹਿ ਰਿਹਾ ਹੈ। ਕਾਂਗਰਸ ਦੇ ਚੋਣ ਘੋਸ਼ਣਾ ਪੱਤਰ ਵਿੱਚ ਨਾਂ ਤਾਂ ਜਨਲੋਕਪਾਲ ਬਿੱਲ ਦਾ ਜਿਕਰ ਸੀ ਤੇ ਨਾਂ ਹੀ ਜਨਤਾ ਨਾਲ ਇਸ ਬਾਰੇ ਕੋਈ ਵਾਅਦਾ ਸੀ। ਜਨਤਾ ਸਾਨੂੰ ਇਸ ਦਾ ਸਮਰਥਣ ਕਰਨ ਲਈ ਕਹਿ ਸਕਦੀ ਹੈ ਪਰ ਇਸ ਬਿੱਲ ਨੂੰ ਪਾਸ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਜਿਹੜੇ ਵਾਅਦੇ ਲੈ ਕੇ ਚੋਣਾਂ ਲੜੀਆਂ ਸਨ। ਉਨ੍ਹਾਂ ਵਿੱਚ ਜੇ ਕੋਈ ਕਮੀ ਜਾਂ ਕਸਰ ਰਹਿ ਜਾਂਦੀ ਹੈ ਤਾਂ ਅਸੀਂ ਜਨਤਾ ਤੋਂ ਮਾਫ਼ੀ ਵੀ ਮੰਗਾਂਗੇ।
ਭਾਜਪਾ ਅਤੇ ਉਸ ਨਾਲ ਜੁੜੇ ਹੋਏ ਸੰਗਠਨ ਜੋ ਅੰਨਾ ਦੇ ਅੰਦੋਲਨ ਵਿੱਚ ਉਸ ਦਾ ਸਾਥ ਦੇ ਰਹੇ ਹਨ, ਅੰਨਾ ਉਨ੍ਹਾਂ ਨੇਤਾਵਾਂ ਕੋਲੋਂ ਸੌਂਹ ਪੱਤਰ ਮੰਗੇ ਕਿ ਉਨ੍ਹਾਂ ਨੇ ਕਦੇ ਭ੍ਰਿਸ਼ਟਾਚਾਰ ਨਹੀਂ ਕੀਤਾ ਅਤੇ ਨਾਂ ਹੀ ਭੱਵਿਖ ਵਿੱਚ ਕਰਨਗੇ, ਤਾਂ ਹੀ ਇਸ ਅੰਦੋਲਨ ਨੂੰ ਨੈਤਿਕ ਕਿਹਾ ਜਾਵੇਗਾ।