ਲੰਦਨ-ਭਾਰਤੀ ਕ੍ਰਿਕਟ ਟੀਮ ਇੰਗਲੈਂਡ ਪਾਸੋਂ ਸੀਰੀਜ਼ 4-0 ਨਾਲ ਹਾਰ ਗਈ। ਬਾਕੀ ਤਿੰਨ ਮੈਚਾਂ ਵਾਂਗ ਹੀ ਚੌਥੇ ਮੈਚ ਵਿਚ ਵੀ ਭਾਰਤੀ ਕ੍ਰਿਕਟ ਟੀਮ ਰੇਤ ਦੇ ਮਹਿਲ ਵਾਂਗ ਢਹਿ ਢੇਰੀ ਹੋ ਗਈ।
ਚੌਥੇ ਟੈਸਟ ਮੈਚ ਦੇ ਅਖ਼ੀਰਲੇ ਦਿਨ ਦੀ ਸ਼ੁਰੂਆਤ ਸਚਿਨ ਤੇਂਦੁਲਕਰ ਅਤੇ ਅਮਿਤ ਮਿਸ਼ਰਾ ਨੇ ਬੜੀ ਹੀ ਸੂਝ ਬੂਝ ਨਾਲ ਹੌਲੀ ਹੌਲੀ ਖੇਡਦਿਆਂ ਕੀਤੀ। ਇਸ ਦੌਰਾਨ ਸਚਿਨ ਤੇਂਦੁਲਕਰ ਨੇ 91 ਦੌੜਾਂ ਬਣਾਈਆਂ ਅਤੇ ਅਮਿਤ ਮਿਸ਼ਰਾ ਜਿਹੜਾ ਨਾਈਟ ਵਾਚਮੈਨ ਵਜੋਂ ਚੌਥੇ ਦਿਨ ਖੇਡਣ ਲਈ ਆਇਆ ਸੀ, ਨੇ 84 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਫਾਲੋਆਨ ਤੋਂ ਉਪਰੰਤ ਜਦੋਂ ਭਾਰਤੀ ਟੀਮ ਖੇਡਣ ਲਈ ਮੈਦਾਨ ਵਿਚ ਉਤਰੀ ਤਾਂ ਉਨ੍ਹਾਂ ਪਾਸ ਆਪਣੀ ਇਜੱਤ ਬਚਾਉਣ ਲਈ ਇਕੋ ਇਕ ਤਰੀਕਾ ਸੀ ਕਿ ਚੌਥੇ ਦਿਨ ਦਾ ਅਖ਼ੀਰ ਅਤੇ ਪੰਜਵਾਂ ਦਿਨ ਇਹ ਟੀਮ ਕਿਸੇ ਤਰ੍ਹਾਂ ਖੇਡ ਜਾਵੇ ਅਤੇ ਮੈਚ ਡਰਾਅ ਕਰਾ ਦੇਵੇ। ਪਰੰਤੂ ਪੰਜਵੇਂ ਦਿਨ ਦੀ ਖੇਡ ਦੌਰਾਨ ਸਚਿਨ ਤੇਂਦੁਲਕਰ ਅਤੇ ਅਮਿਤ ਮਿਸ਼ਰਾ ਦੀ 144 ਦੌੜਾਂ ਦੀ ਭਾਈਵਾਲੀ ਤੋਂ ਬਿਨਾਂ ਭਾਰਤੀ ਟੀਮ ਦੇ ਪਾਸ ਹੋਰ ਕੁਝ ਵੀ ਨਹੀਂ ਸੀ। ਇਥੋਂ ਤੱਕ ਇਕ ਜਦੋਂ ਸਚਿਨ ਅਤੇ ਮਿਸ਼ਰਾ ਆਊਟ ਹੋਏ ਤਾਂ ਉਸਤੋਂ ਬਾਅਦ ਭਾਰਤੀ ਕ੍ਰਿਕਟ ਖਿਡਾਰੀ ਆਇਆ ਰਾਮ ਗਯਾ ਰਾਮ ਦੀ ਪਾਲਿਸੀ ‘ਤੇ ਚਲਦੇ ਹੋਏ 21 ਦੌੜਾਂ ਦੇ ਸਕੋਰ ‘ਤੇ ਹੀ ਆਪਣੀਆਂ 7 ਵਿਕਟਾਂ ਗੁਆਕੇ ਸ਼ਰਮਨਾਕ ਢੰਗ ਨਾਲ ਇਹ ਮੈਚ ਵੀ ਹਾਰ ਗਏ। ਇਸਤੋਂ ਪਹਿਲਾਂ ਇੰਗਲੈਂਡ ਦੀ ਟੀਮ ਇਸ ਸੀਰੀਜ਼ ਵਿਚ 3-0 ਨਾਲ ਅੱਗੇ ਚਲ ਰਹੀ ਸੀ। ਚੌਥਾ ਮੈਚ ਹਾਰਦੇ ਸਾਰ ਹੀ ਇੰਗਲੈਂਡ ਦੀ ਟੀਮ 4-0 ਇਕ ਨਾਲ ਟੈਸਟ ਮੈਚਾਂ ਦੀ ਇਸ ਸੀਰੀਜ਼ ਵਿਚ ਕਲੀਨ ਸਵੀਪ ਕਰਨ ਗਈ। ਇਥੇ ਇਕ ਹੋਰ ਗੱਲ ਇਹ ਵੀ ਜਿ਼ਕਰਯੋਗ ਹੈ ਕਿ ਜਿਵੇਂ ਭਾਰਤੀ ਕੋਚ, ਕਪਤਾਨ ਅਤੇ ਬਾਕੀ ਖਿਡਾਰੀ ਇੰਗਲੈਂਡ ਦੀਆਂ ਉਛਾਲ ਵਾਲੀਆਂ ਪਿਚਾਂ ਦਾ ਬਹਾਨਾ ਲਾਕੇ ਆਪਣੇ ਆਪ ਨੂੰ ਬਚਾਉਂਦੇ ਰਹੇ। ਇਸਦੇ ਉਲਟ ਇਸ ਵਾਰ ਇੰਗਲੈਂਡ ਦੇ ਫਿਰਕੀ ਗੇਂਦਬਾਜ਼ ਨੇ 106 ਦੌੜਾਂ ਦੇ ਕੇ 6 ਵਿਕਟਾਂ ਝਾੜਕੇ ਭਾਰਤੀ ਟੀਮ ਦੀ ਨੰਬਰ ਇਕ ਹੋਣ ਦੀ ਹੈਂਕੜ ਨੂੰ ਮਿੱਟੀ ਵਿਚ ਰੋਲ ਦਿੱਤਾ।
ਚੌਥਾ ਟੈਸਟ ਮੈਚ ਹਾਰਦੇ ਸਾਰ ਹੀ ਭਾਰਤੀ ਟੀਮ ਨੰਬਰ ਇਕ ਦੀ ਰੈਂਕਿੰਗ ਤੋਂ ਖਿਸਕੇ ਤੀਜੇ ਸਥਾਨ ‘ਤੇ ਜਾ ਡਿੱਗੀ। ਜੇਕਰ ਔਖੀ ਸੌਖੀ ਹੋ ਕੇ ਭਾਰਤੀ ਟੀਮ ਇਹ ਮੈਚ ਡਰਾਅ ਕਰ ਜਾਂਦੀ ਤਾਂ ਉਨ੍ਹਾਂ ਦੀ ਰੈਂਕਿੰਗ ਦੂਜੇ ਸਥਾਨ ਤੱਕ ਟਿਕੀ ਰਹਿਣੀ ਸੀ। ਇਸ ਦੌਰਾਨ ਭਾਰਤੀ ਟੀਮ ਸਾਰੇ ਹੀ ਮੈਚ ਹਾਰ ਗਈ ਇਥੋਂ ਤੱਕ ਕਿ ਉਹ ਇਕ ਵੀ ਮੈਚ ਡਰਾਅ ਕਰਾਉਣ ਵਿਚ ਵੀ ਕਾਮਯਾਬ ਨਹੀਂ ਹੋ ਸਕੀ। ਇਸ ਸ਼ਰਮਨਾਕ ਹਾਰ ਵਾਲੀ ਸੀਰੀਜ਼ ਵਿਚ ਜੇਕਰ ਨਾਮ ਲਿਆ ਜਾ ਸਕਦਾ ਹੈ ਤਾਂ ਉਹ ਹੈ ਰਾਹੁਲ ਦ੍ਰਵਿੜ ਦਾ ਜਿਸਨੇ ਇਸ ਸੀਰੀਜ਼ ਵਿਚ ਭਾਰਤੀ ਟੀਮ ਤਿੰਨ ਸੈਂਕੜੇ ਲਾਏ।