ਸੰਗਰੂਰ-ਅਕਾਲੀ ਦਲ ਬਾਦਲ ਵਲੋਂ ਅੰਨਾ ਹਜ਼ਾਰੇ ਦੀ ਹਿਮਾਇਤ ਕਰਨ ਦੇ ਐਲਾਨ ਉਪਰ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਪੀਪਲਸ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਹੜਾ ਖੁ਼ਦ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸਿਆ ਹੋਇਆ ਹੈ ਉਹ ਅੰਨਾ ਹਜ਼ਾਰੇ ਦੀ ਹਿਮਾਇਤ ਕੀ ਕਰੇਗਾ? ਉਨ੍ਹਾਂ ਨੇ ਕਿਹਾ ਕਿ ਅਕਾਲੀ ਪਾਰਟੀ ਸਿਰਫ਼ ਵਿਖਾਵਾ ਕਰ ਰਹੀ ਹੈ।
ਉਹ ਇਥੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਿਆਂ ਵਿਚ ਹੋਰ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਅਗੇ 10 ਦਿਨਾਂ ਵਿਚ ਲਿਆ ਜਾਵੇਗਾ। ਕੁਝ ਲੋਕਾਂ ਵਲੋਂ ਪਾਰਟੀ ਤੋਂ ਵੱਖ ਹੋਣ ਦੇ ਸਵਾਲ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਪਾਰਟੀ ਨੇ ਅਜੇ ਵੱਡੀ ਲੜਾਈ ਲੜਣੀ ਹੈ। ਉਨ੍ਹਾਂ ਨੇ ਆਉਂਦੀਆਂ ਚੋਣਾਂ ਲਈ ਪਾਰਟੀ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਕਿਹਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੰਪੂਰਣ ਢਾਂਚੇ ਬਾਰੇ ਵੀ ਜਲਦ ਹੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਵੰਬਰ ਮਹੀਨੇ ਤੱਕ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਨਾ ਲਏ ਜਾਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਇਕ ਧਰਮ ਨਿਰਪੇਖ ਪਾਰਟੀ ਹੈ ਇਸ ਲਈ ਅਸੀਂ ਇਨ੍ਹਾਂ ਚੋਣਾਂ ਵਿਚ ਹਿੱਸਾ ਨਹੀਂ ਲੈ ਰਹੇ।
ਅਕਾਲੀ ਦਲ ਅੰਨਾ ਦਾ ਸਮਰਥਨ ਕੀ ਕਰੇਗਾ-ਮਨਪ੍ਰੀਤ
This entry was posted in ਪੰਜਾਬ.