ਲੁਧਿਆਣਾ:- ਦੂਰਦਰਸ਼ਨ ਕੇਂਦਰ ਜਲੰਧਰ ਦੇ ਸੀਨੀਅਰ ਪ੍ਰੋਗਰਾਮ ਨਿਰਮਾਤਾ ਸ਼੍ਰੀ ਮਨੋਜ ਭਾਰਜ ਨੇ ਅੱਜ ਖੇਤੀਬਾੜੀ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਲਈ ਕਰਵਾਈ ਮੀਟਿੰਗ ਦੌਰਾਨ ਕਿਹਾ ਹੈ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਦਦ ਨਾਲ ਵਿਸ਼ੇਸ਼ ਮੁਹਿੰਮ ਦੂਰਦਰਸ਼ਨ ਵੱਲੋਂ ਆਰੰਭੀ ਜਾਵੇਗੀ। ਉਨ੍ਹਾਂ ਆਖਿਆ ਕਿ ਨਸ਼ਾਖੋਰੀ, ਕੰਮਚੋਰੀ, ਫਜ਼ੂਲ ਖਰਚੀ ਰੋਕਣ, ਭਰੂਣ ਹੱਤਿਆ ਅਤੇ ਗੈਰ ਉਤਪਾਦਕੀ ਖਰਚੇ ਰੋਕਣ ਦੀ ਚੇਤਨਾ ਵੀ ਫੈਲਾਈ ਜਾਵੇਗੀ। ਵਾਤਾਵਰਨ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਭਾਵੇਂ ਪਹਿਲਾਂ ਵੀ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਇਸ ਵਿੱਚ ਦੂਰਦਰਸ਼ਨ ਹੋਰ ਅੱਗੇ ਵਧ ਕੇ ਸਹਿਯੋਗੀ ਰੋਲ ਅਦਾ ਕਰੇਗਾ। ਉਨ੍ਹਾਂ ਆਖਿਆ ਕਿ ਕਿਸਾਨ ਦੀ ਭਾਸ਼ਾ ਵਿੱਚ ਗੱਲ ਕਰਨ ਵਾਲੇ ਵਿਗਿਆਨੀਆਂ ਦੀ ਮੁਹਾਰਤ ਹੋਰ ਵਰਤੀ ਜਾਵੇਗੀ। ਸ: ਭਾਰਜ ਨੇ ਆਖਿਆ ਕਿ ਇਸ ਯੂਨੀਵਰਸਿਟੀ ਦੇ ਅਗਲੇ ਸਾਲ ਹੋਣ ਵਾਲੇ 50 ਸਾਲਾ ਅਰਧ ਸ਼ਤਾਬਦੀ ਸਮਾਰੋਹਾਂ ਸੰਬੰਧੀ ਜਾਣਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਦੇਣਗੇ ਤਾਂ ਜੋ ਵਿਸ਼ਵ ਦੀ ਇਸ ਮਹਾਨ ਸੰਸਥਾ ਬਾਰੇ ਯੋਗ ਪ੍ਰੋਗਰਾਮ ਉਲੀਕੇ ਜਾ ਸਕਣ। ਸ: ਭਾਰਜ ਅੱਜ ਦੂਰਦਰਸ਼ਨ ਕੇਂਦਰ ਜ¦ਧਰ ਵੱਲੋਂ ਮੇਰਾ ਪਿੰਡ ਮੇਰੇ ਖੇਤ ਅਤੇ ਸਾਵੀ ਧਰਤੀ ਪ੍ਰੋਗਰਾਮ ਦੀ ਤਿਮਾਹੀ ਰੂਪ ਰੇਖਾ ਉਲੀਕਣ ਸੰਬੰਧੀ ਮੀਟਿੰਗ ਵਿੱਚ ਸ਼ਾਮਿਲ ਹੋਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੇ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਮਿਲੇ ਸਹਿਯੋਗ ਸਦਕਾ ਅੱਜ ਸਾਡੀ ਤਕਨੀਕੀ ਜਾਣਕਾਰੀ ਨਾਲੋਂ ਨਾਲ ਕਿਸਾਨਾਂ ਤੀਕ ਪਹੁੰਚਦੀ ਹੈ। ਅਕਾਸ਼ਬਾਣੀ ਜ¦ਧਰ ਵੱਲੋਂ ਨਿਭਾਏ ਫਰਜ਼ ਸਦਕਾ ਹੀ ਗਿਆਨ ਵਿਗਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੁਰ ਕੇ ਪਿੰਡ ਪਿੰਡ, ਖੇਤ ਖੇਤ ਪਹੁੰਚਿਆ। ਅੱਜ ਵੀ ਇਹ ਲੜੀ ਕਾਇਮ ਹੈ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪਸਾਰ ਸਿੱਖਿਆ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਨੇ ਮੀਟਿੰਗ ਵਿੱਚ ਸ਼ਾਮਿਲ ਮਾਹਿਰਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ।