ਅੰਮ੍ਰਿਤਸਰ – ਭਾਈ ਹਰਭਜਨ ਸਿੰਘ ਖਾਲਸਾ (ਯੋਗੀ) ਦੇ ਜਨਮ-ਦਿਨ ਮੌਕੇ ਉਹਨਾਂ ਦੀ ਯਾਦ ‘ਚ ‘ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ’ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂੰਹ ‘ਚ ਗੁਰਦੁਆਰਾ ਝੰਡੇ ਬੁੰਗੇ ਵਿਖੇ ਪਰਸੋਂ ਰੋਜ਼ ਤੋਂ ਆਰੰਭ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਨੇ ਲਿਆ। ਇਸ ਮੌਕੇ ‘ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ’ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਸੈਟ ਚੰਦੋਆ ਸਾਹਿਬ ਦੀ ਸੇਵਾ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਗਿਆਨੀ ਰਵੇਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਮੀਤ ਸਕੱਤਰ ਸ. ਰਾਮ ਸਿੰਘ, ਸ. ਬਿਜੇ ਸਿੰਘ ਤੇ ਸ. ਛਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ), ਇੰਚਾਰਜ ਸ. ਪਰਮਦੀਪ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਸੁਖਬੀਰ ਸਿੰਘ, ਸ. ਸੁੱਖਾ ਸਿੰਘ, ਸਾਬਕਾ ਮੀਤ ਸਕੱਤਰ ਸ. ਕਸ਼ਮੀਰ ਸਿੰਘ ਪੱਟੀ, ਪ੍ਰਕਰਮਾਂ ਦੇ ਇੰਚਾਰਜ ਸ. ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਮੌਜੂਦ ਸਨ।
ਜਿਕਰਯੋਗ ਹੈ ਕਿ ਭਾਈ ਹਰਭਜਨ ਸਿੰਘ ਖਾਲਸਾ (ਯੋਗੀ) ਦਾ ਜਨਮ 26 ਅਗਸਤ, 1929 ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ ਤੇ ਮੁੱਢਲੀ ਵਿੱਦਿਆ ਦਿੱਲੀ ‘ਚ ਹਾਸਲ ਕੀਤੀ ਅਤੇ ਪੜ੍ਹਾਈ ਦੌਰਾਨ ਉਹ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਗਰਮ ਮੈਂਬਰ ਵੀ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਭਾਈ ਸਾਹਿਬ ਨੇ ਏਅਰਪੋਰਟ ‘ਤੇ ਬਤੌਰ ਕਸਟਮ ਇੰਸਪੈਕਟਰ ਦੀ ਨੌਕਰੀ ਵੀ ਕੀਤੀ। 1968 ‘ਚ ਕੈਨੇਡਾ ਗਏ ਤੇ ਉੱਥੋਂ ਹੀ ਫਿਰ ਅਮਰੀਕਾ ਚਲੇ ਗਏ। ਆਪਣੇ ਜੀਵਨ ਦਾ ਲੰਬਾ ਸਮਾਂ ਅਮਰੀਕਾ ‘ਚ ਗੁਜ਼ਾਰਦਿਆਂ ਉਹਨਾਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਐਸਪੇਨੋਲਾ ਨਿਊ ਮੈਕਸੀਕੋ, ‘ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ’ ਤੇ ‘ਅਕਾਲ ਸਕਿਉਰਿਟੀ’ ਵਰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ। ਅੰਮ੍ਰਿਤਸਰ ‘ਚ ਮੀਰੀ-ਪੀਰੀ ਅਕੈਡਮੀ ਸਥਾਪਿਤ ਕਰਕੇ ਹਜ਼ਾਰਾਂ ਅਮਰੀਕਨ ਬੱਚੇ (ਗੋਰੇ) ਨੂੰ ਸਿੱਖੀ ਦੇ ਲੜ ਲਾਇਆ। ਮੀਰੀ-ਪੀਰੀ ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ ਉਹ ਪਰਮੇਸ਼ਰ ਦੇ ਭਾਣੇ ਨੂੰ ਮੰਨਦਿਆਂ 06 ਅਕਤੂਬਰ, 2004 ਨੂੰ ਗੁਰੂ-ਚਰਨਾਂ ‘ਚ ਜਾ ਬਿਰਾਜੇ ਸਨ।