ਨਵੀਂ ਦਿੱਲੀ, (ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਮੌਤ ਦੀ ਸਜ਼ਾ ਤੋਂ ਜਲਦੀ ਮੁਆਫ਼ੀ ਦਿਵਾਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਸ਼ਾਂਤ ਅਤੇ ਸੰਤੁਸ਼ਟ ਹੋ ਸਕਣ।
ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਵਾਰ ਫਿਰ ਤੁਹਾਨੂੰ ਮਿਲਣ ਦੀ ਇੱਛਾ ਸੀ ਤਾਂ ਜੋ ਸ. ਭੁੱਲਰ ਨੂੰ ਰਹਿਮ ਸਬੰਧੀ ਕਾਰਨਾਂ ਨੂੰ ਪੇਸ਼ ਕੀਤਾ ਜਾ ਸਕੇ ਪਰ ਦਿੱਲੀ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਤੁਹਾਡੇ ਰੁਝੇ ਹੋਣ ਦੀ ਮੈਨੂੰ ਪੂਰੀ ਜਾਣਕਾਰੀ ਹੈ। ਮੁੱਖ ਮੰਤਰੀ ਨੇ ਪੱਤਰ ਵਿੱਚ ਡਾ. ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸ. ਭੁੱਲਰ ਨੂੰ ਰਹਿਮ ਦਿੱਤੇ ਜਾਣ ਸਬੰਧੀ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋ ਉਨ੍ਹਾਂ ਦੇ ਸਿੱਧੇ ਦਖ਼ਲ ਦੀ ਮੰਗ ਕਰਨ ਦੀ ਆਗਿਆ ਦੇਣ ਲਈ ਉਦਾਰਤਾ ਵਰਤਣ।
ਸ. ਬਾਦਲ ਨੇ ਇਹ ਵੀ ਜ਼ਿਕਰ ਕੀਤਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਨੂੰ 23 ਜੂਨ, 2011 ਨੂੰ ਸ. ਭੁੱਲਰ ਨੂੰ ਰਹਿਮ ਦਿੱਤੇ ਜਾਣ ਦੇ ਸਬੰਧ ਵਿੱਚ ਮਿਲੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਰਹਿ ਰਿਹਾ ਸਮੁੱਚਾ ਸਿੱਖ ਭਾਈਚਾਰਾ ਸ. ਭੁੱਲਰ ਦੇ ਮਾਮਲੇ ਵਿੱਚ ਮਾਨਵੀ ਅਤੇ ਹਮਦਰਦੀ ਪੂਰਨ ਵਿਚਾਰ ਰੱਖਣ ਦਾ ਸਮਰਥਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਐਸ.ਜੀ.ਪੀ.ਸੀ. ਦੇ ਮੈਂਬਰਾਂ ਸਣੇ ਹਾਲ ਹੀ ਵਿੱਚ ਇੱਕ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਦਿਆਂ ਪੰਜਾਬ ਦੇ ਰਾਜਪਾਲ ਨੂੰ ਮਿਲੇ ਸਨ ਅਤੇ ਸ. ਭੁੱਲਰ ਦੇ ਰਹਿਣ ਲਈ ਭਾਰਤ ਦੇ ਰਾਸ਼ਟਰਪਤੀ ਲਈ ਇੱਕ ਮੈਮੋਰੰਡਮ ਪੇਸ਼ ਕੀਤਾ ਸੀ।