ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ) -ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਇਲੈਕਸ਼ਨਜ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ 2011 ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟਾਂ ਪਾਉਣ ਵੇਲੇ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋਂ ਜਾਰੀ ਸ਼ਨਾਖਤੀ ਕਾਰਡ ਨਾ ਹੋਣ ਦੀ ਸੂਰਤ ’ਚ ਵੋਟ ਪਾਉਣ ਲਈ ਵਰਤੇ ਜਾ ਸਕਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਜਾਰੀ ਕੀਤੀ ਹੈ।
ਮੁੱਖ ਚੋਣ ਕਮਿਸ਼ਨਰ ਅਨੁਸਾਰ ਵੋਟਰ ਵੋਟ ਪਾਉਣ ਵੇਲੇ ਡਰਾਈਵਿੰਗ ਲਾਇਸੈਂਸ,ਪੈਨ ਕਾਰਡ, ਬੈਂਕ ਤੇ ਡਾਕਖਾਨੇ ਦੀ ਪਾਸ ਬੁੱਕ,ਰਾਸ਼ਨ ਕਾਰਡ,ਹਥਿਆਰ ਦਾ ਲਾਇਸੈਂਸ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਪਛੜੀਆਂ ਸ਼੍ਰੇਣੀਆਂ ਨੂੰ ਯੋਗ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ, ਪੈਨਸ਼ਨ ਦੇ ਦਸਤਾਵੇਜ਼ ਜਿਵੇਂ ਕਿ ਪੀ.ਪੀ.ਓ (ਪੈਨਸ਼ਨ ਪੈਮੈਂਟ ਆਰਡਰ), ਐਕਸ ਸਰਵਿਸ ਮੈਨ ਵਿਧਵਾ ਤੇ ਆਸ਼ਰਿਤ ਸਰਟੀਫੀਕੇਟ, ਬਜ਼ੁਰਗਾਂ ਦੇ ਪੈਨਸ਼ਨ ਆਰਡਰ,ਵਿਧਵਾ ਪੈਨਸ਼ਨ ਆਰਡਰ, ਰੇਲਵੇ ਸ਼ਨਾਖਤੀ ਕਾਰਡ, ਅਜਾਦੀ ਘੁਲਾਟੀਆਂ ਦੇ ਸ਼ਨਾਖਤੀ ਕਾਰਡ, ਅੰਗਹੀਣਾਂ ਨੂੰ ਯੋਗ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ, ਕਿਸਾਨ ਪਾਸ ਬੁੱਕ, ਸੇਵਾ ਸ਼ਨਾਖਤੀ ਕਾਰਡ, ਗਜ਼ਟਡ ਅਫਸਰ ਵਲੋਂ ਤਸਦੀਕ ਕੀਤੀ ਗਈ ਫੋਟੋ, ਪਾਸਪੋਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮੁੱਖ ਚੋਣ ਕਮਿਸ਼ਨਰ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ, ਕਿ ਉਪਰ ਦਰਸਾਏ ਦਸਤਾਵੇਜ਼ਾਂ ’ਚੋਂ ਜੇਕਰ ਕੋਈ ਵੀ ਦਸਤਾਵੇਜ਼ ਪਰਿਵਾਰ ਦੇ ਮੁੱਖੀ ਦੇ ਨਾਂਅ ਹੈ ਤਾਂ ਉਸਦੀ ਵਰਤੋਂ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਸ਼ਨਾਖਤ ਲਈ ਕੀਤੀ ਜਾ ਸਕਦੀ ਹੈ ਪਰ ਬਸ਼ਰਤੇ ਕਿ ਉਹ ਦਸਤਾਵੇਜ਼ ਪਰਿਵਾਰਕ ਮੈਂਬਰ ਦੀ ਸ਼ਨਾਖਤ ਕਰਦਾ ਹੋਵੇ। ਇਸ ਤੋਂ ਇਲਾਵਾ ਇਹ ਦਸਤਾਵੇਜ਼ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਂ ਹੋਣ ’ਤੇ ਵੀ ਉਸਦੀ ਵਰਤੋਂ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਸ਼ਨਾਖਤ ਲਈ ਕੀਤੀ ਜਾ ਸਕਦੀ ਹੈ।
ਮੁੱਖ ਚੋਣ ਕਮਿਸ਼ਨਰ ਵਲੋਂ ਚੋਣ ਕੇਂਦਰਾਂ ਤੇ ਨਿਯੁਕਤ ਪ੍ਰੀਜਾਈਡਿੰਗ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ, ਕਿ ਉਹ ਵੋਟਾਂ ਵੇਲੇ ਇਹ ਯਕੀਨੀ ਬਣਾਉਣ ਕਿ ਸਿਰਫ ਕੇਸਾਧਾਰੀ ਵੋਟਰ ਹੀ ਵੋਟ ਪਾਉਣ ਤੇ ਨਾਲ ਹੀ 21 ਸਾਲ ਦੀ ਉਮਰ ਤੋਂ ਘੱਟ ਦੇ ਵੋਟਰ ਵੋਟ ਨਾ ਪਾ ਸਕਣ।