ਨਵੀਂ ਦਿੱਲੀ- ਭਾਜਪਾ ਦੇ ਮੂੰਹਫੱਟ ਐਮਪੀ ਜੋਸ਼ੀ ਵਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ “ਭ੍ਰਿਸ਼ਟਾਚਾਰ ਦਾ ਸਰੋਤ” ਕਹੇ ਜਾਣ ਤੇ ਉਸ ਦੀ ਚੰਗੀ ਖੁੰਬ ਠਪਦੇ ਹੋਏ ਉਸ ਨੂੰ ਚਣੌਤੀ ਦਿੱਤੀ ਕਿ ਪਿੱਛਲੇ 41 ਸਾਲਾਂ ਦੇ ਉਨ੍ਹਾਂ ਦੇ ਸਰਵਜਨਿਕ ਜੀਵਨ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਪਰੀਵਾਰ ਦੀ ਸੰਪਤੀ ਦੀ ਜਾਂਚ ਕਰਵਾ ਲਵੇ ਜੇ ਇਸ ਵਿੱਚ ਕੋਈ ਵੀ ਗਲਤੀ ਮਿਲਦੀ ਹੈ ਤਾਂ ਉਹ ਸੁਸ਼ਮਾ ਦਾ ਕੋਈ ਵੀ ਫੈਸਲਾ ਮੰਨਣ ਨੂੰ ਤਿਆਰ ਹਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਵਿਤਮੰਤਰੀ ਬਣਾਇਆ ਗਿਆ ਸੀ ਤਾਂ ਉਸ ਸਮੇਂ ਦੇਸ਼ ਆਰਥਿਕ ਤੌਰ ਤੇ ਦੀਵਾਲੀਏਪਣ ਦੇ ਕੰਢੇ ਤੇ ਸੀ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਸੂਝ-ਬੂਝ ਸਦਕਾ ਦੇਸ਼ ਨੂੰ ਉਸ ਸੰਕਟ ਵਿਚੋਂ ਬਾਹਰ ਲਿਆਂਦਾ। ਡਾ: ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪ੍ਰਧਾਨਮੰਤਰੀ ਕਾਲ ਦੌਰਾਨ ਦੇਸ਼ ਦਾ ਅੰਤਰਰਾਸ਼ਟਰੀ ਪੱਧਰ ਤੇ ਮਾਣ ਸਨਮਾਨ ਵਧਿਆ ਹੈ। ਭਾਰਤ ਦੀ ਦੁਨੀਆਭਰ ਵਿੱਚ ਇੱਕ ਵੱਖਰੀ ਪਛਾਣ ਬਣੀ ਹੈ। ਉਨ੍ਹਾਂ ਕਿਹਾ ਕਿ ਗਲਤੀ ਹਰ ਇਨਸਾਨ ਤੋਂ ਹੋ ਸਕਦੀ ਹੈ। ਹੋ ਸਕਦਾ ਹੈ ਕਿ ਪ੍ਰਧਾਨਮੰਤਰੀ ਸ਼ਾਸਨ ਦੌਰਾਨ ਮੇਰੇ ਤੋਂ ਵੀ ਕੋਈ ਛੋਟੀ ਮੋਟੀ ਗਲਤੀ ਹੋ ਗਈ ਹੋਵੇ, ਪਰ ਭਾਜਪਾ ਮੈਂਬਰ ਵਲੋਂ ਮੇਰੇ ਤੇ ਭ੍ਰਿਸ਼ਟਾਚਾਰ ਸਬੰਧੀ ਦੋਸ਼ ਲਗਾਏ ਜਾਣਾ ਸਰਾਸਰ ਗਲਤ ਹੈ। ਡਾ: ਸਿੰਘ ਨੇ ਕਿਹਾ ਕਿ ਮੇਰੇ ਜੀਵਨ ਦੇ ਪਿੱਛਲੇ 41 ਸਾਲਾਂ ਦੇ ਰੀਕਾਰਡ ਦੀ ਜਾਂਚ ਕੀਤੀ ਜਾਵੇ ਅਤੇ ਮੇਰੇ ਜਾਂ ਮੇਰੇ ਪਰੀਵਾਰ ਦੇ ਕਿਸੇ ਵੀ ਮੈਂਬਰ ਖਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੁਝ ਵੀ ਸਾਹਮਣੇ ਆਂਉਦਾ ਹੈ ਤਾਂ ਮੈਂ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਵਲੋਂ ਕੀਤਾ ਗਿਆ ਕੋਈ ਵੀ ਫੈਸਲਾ ਮੰਨਣ ਨੂੰ ਤਿਆਰ ਹਾਂ। ਮੂੰਹਫੱਟ ਜੋਸ਼ੀ ਤਾਂ ਉਸ ਸਮੇਂ ਸੰਸਦ ਹਾਲ ਵਿੱਚ ਮੌਜੂਦ ਨਹੀਂ ਸੀ। ਅਡਵਾਨੀ ਤੇ ਸੁਸ਼ਮਾ ਦੇ ਸਿਰ ਸ਼ਰਮ ਨਾਲ ਝੁਕੇ ਹੋਏ ਸਨ ਅਤੇ ਉਨ੍ਹਾਂ ਕੋਲ ਪ੍ਰਧਾਨਮੰਤਰੀ ਸਿੰਘ ਦੀ ਚੁਣੌਤੀ ਦਾ ਕੋਈ ਵੀ ਜਵਾਬ ਨਹੀਂ ਸੀ।