ਆਬੂਜਾ- ਨਾਈਜੀਰੀਆ ਦੀ ਰਾਜਧਾਨੀ ਵਿੱਚ ਯੂਐਨ ਦੀ ਬਿਲਡਿੰਗ ਤੇ ਜਬਰਦਸਤ ਬੰਬ ਧਮਾਕਾ ਹੋਇਆ। ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ ਅਤੇ 8 ਜਖਮੀ ਹੋਏ ਹਨ। ਜਖਮੀਆਂ ਨੂੰ ਨੈਸ਼ਨਲ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਖੂਨ ਦੀ ਘਾਟ ਹੈ। ਹਸਪਤਾਲ ਦਾ ਸਟਾਫ ਅਤੇ ਜਖਮੀਆਂ ਦੇ ਰਿਸ਼ਤੇਦਾਰ ਬਲਡ ਬੈਂਕ ਕੋਲ ਖੂਨ ਦਾਨ ਕਰਨ ਲਈ ਜਾ ਰਹੇ ਹਨ।
ਨਾਈਜੀਰੀਆ ਦੇ ਰਾਸ਼ਟਰਪਤੀ ਗੁਡਲਕ ਜੋਨਾਥਨ ਨੇ ਇਸ ਹਮਲੇ ਦੀ ਜੋਰਦਾ ਨਿੰਦਿਆ ਕਰਦੇ ਹੋਏ ਇਸ ਨੂੰ ਬਹੁਤ ਹੀ ਸ਼ਰਮਨਾਕ ਅਤੇ ਵਹਿਸ਼ੀ ਕਾਰਾ ਦਸਿਆ ਹੈ। ਘਟਨਾ ਵਾਲੀ ਥਾਂ ਤੇ ਸੁਰੱਖਿਆ ਪ੍ਰਬੰਧ ਕਰੜੈ ਕਰ ਦਿੱਤੇ ਗਏ ਹਨ। ਯੂਐਨ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਵੀ ਇਸ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਮੂਨ ਨੇ ਇਸ ਹਮਲੇ ਵਿੱਚ ਮਰਨ ਵਾਲਿਆਂ ਦੇ ਪਰੀਵਾਰਾਂ ਨਾਲ ਅਫਸੋਸ ਪ੍ਰਗਟ ਕੀਤਾ।ਬਿਲਡਿੰਗ ਤੇ ਹੁੰਦੇ ਬੰਬ ਬਲਾਸਟ ਨੂੰ ਅਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਚਿੱਟਾ ਐਸਯੂਵੀ ਗੇਟ ਦੇ ਅੰਦਰ ਗਿਆ ਤਾਂ ਦੋ ਧਮਾਕੇ ਹੋਏ। ਦੂਸਰਾ ਧਮਾਕਾ ਬਹੁਤ ਜਬਰਦਸਤ ਸੀ। ਯੂਐਨ ਅਤੇ ਅਬੂਜਾ ਦੇ ਸਕਿਊਰਟੀ ਚੀਫ਼ ਇਸ ਬੰਬ ਬਲਾਸਟ ਦੀ ਪੂਰੀ ਤਫ਼ਤੀਸ਼ ਕਰ ਰਹੇ ਹਨ ਕਿ ਇਹ ਕਿਸ ਗਰੁਪ ਦਾ ਕਾਰਾ ਹੋ ਸਕਦਾ ਹੈ।