ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ : ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਲਾਤਮਕ ਰੁਚੀਆਂ ਸਖਸ਼ੀਅਤ ਨੂੰ ਨਿਖਾਰਦੀਆਂਹਨ। ਡਾ: ਢਿੱਲੋਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਵਿਦਿਅਕ ਕਾਰਜਾਂ ਨਾਲ ਜੁੜਨਾ ਜ਼ਰੂਰੀ ਅਤੇ ਮਹੱਤਵਪੂਰਨ ਹੈ ਪਰ ਨਾਲ ਦੀ ਨਾਲ ਸਾਹਿਤਕ, ਸਭਿਆਚਾਰਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਦੀ ਵੀ ਬਹੁਤ ਮਹੱਤਤਾ ਹੈ ਜਿਨ੍ਹਾਂ ਸਦਕਾ ਆਤਮ ਵਿਸਵਾਸ਼ ਪੈਦਾ ਹੁੰਦਾ ਹੈ। ਖੇਤੀ ਕਲਾਜ ਸਥਿਤ ਖੇਤੀ ਬਾਇਓ ਟੈਕਨਾਲੋਜੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਵਿੱਚ ਕੀਤੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ: ਢਿੱਲੋਂ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੇ ਖੇਤੀ ਵਿਗਿਆਨੀਆਂ ਦੇ ਨਾਲ ਨਾਲ ਖੇਡਾਂ, ਸਾਹਿਤ, ਕਲਾ ਅਤੇ ਸਭਿਆਚਾਰਕ ਖੇਤਰ ਵਿੱਚ ਯੋਗਦਾਨ ਪਾਇਆ ਹੈ। ਡਾ: ਢਿੱਲੋਂ ਨੇ ਇਸ ਮੌਕੇ ਵੱਖ ਵੱਖ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਦੇ ਆਪਸੀ ਸੰਬੰਧਾਂ ਵਿੱਚ ਮਹਿਕ ਭਰੀ ਜਾਂਦੀ ਹੈ ਅਤੇ ਇਕ ਦੂਜੇ ਨਾਲ ਮਿਲਾਪ ਵਧਦਾ ਹੈ। ਖੇਤੀ ਬਾਇਓ ਟੈਕਨਾਲੋਜੀ ਸਕੂਲ ਦੇ ਡਾਇਰੈਕਟਰ ਡਾ: ਕੁਲਦੀਪ ਸਿੰਘ ਨੇ ਸਵਾਗਤੀ ਸ਼ਬਦਾਂ ਦੌਰਾਨ ਖੇਤੀ ਖੇਤਰ ਵਿੱਚ ਬਾਇਓ ਟੈਕਨਾਲੋਜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਗਮ ਦੌਰਾਨ ਕੁਮਾਰੀ ਰੋਹਿਨੀ ਨੂੰ ਮਿਸ ਫਰੈਸ਼ਰ ਅਤੇ ਮੁਨੀਸ਼ ਨੂੰ ਮਿਸਟਰ ਫਰੈਸ਼ਰ ਤੋਂ ਇਲਾਵਾ ਪੁਸ਼ਪਿੰਦਰ ਅਤੇ ਮਨਜੋਤ (ਵਧੀਆ ਪੋਸ਼ਾਕ), ਗੁਰਿੰਦਰਜੀਤ ਗਰੇਵਾਲ (ਮਿਸਟਰ ਕਾਨਫੀਡੈਂਸ) ਅਤੇ ਸੁਹੇਲ ਚੋਪੜਾ (ਵਧੀਆ ਪੇਸ਼ਕਾਰੀ) ਨੂੰ ਵੀ ਸਨਮਾਨਿਆ ਗਿਆ। ਨਿਰਣਾਇਕਾਂ ਦੀ ਭੂਮਿਕਾ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਡਾ: ਸੁਮੇਧਾ ਭੰਡਾਰੀ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਅਤੇ ਭਲਾਈ ਅਫਸਰ ਸਤਿਵੀਰ ਸਿੰਘ ਨੇ ਨਿਭਾਈ। ਇਸ ਮੌਕੇ ਖੇਤੀ ਬਾਇਓ ਟੈਕਨਾਲੋਜੀ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ।