ਤਲਵੰਡੀ ਸਾਬੋ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 305ਵਾਂ ਸੰਪੂਰਨਤਾ ਦਿਵਸ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸਥਾਨਕ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫ਼ੀ ਮਨੁੱਖੀ ਸ਼ਖਸੀਅਤ ਦੇ ਵਿਕਾਸ ਦਾ ਇੱਕ ਅਦੁੱਤੀ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਧਰਮ ਦੇ ਨਾਂ ‘ਤੇ ਮਨੁੱਖਤਾ ਦੀ ਵੰਡ ਤੇ ਵਿਤਕਰੇ ਦੀ ਆਗਿਆ ਨਹੀਂ ਦਿੰਦਾ। ਇਸ ਵਿੱਚ ਸਮੁੱਚੀ ਮਨੁੱਖਤਾ ਨੂੰ ਇੱਕ ਸਮਾਜਿਕ ਭਾਈਚਾਰਾ ਸਮਝਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੀ ਉਪਮਾ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਦਾ ਪੈਗ਼ਾਮ ਦਿੰਦੀ ਹੈ। ਉਨ੍ਹਾਂ ਕਿਹਾ ਕਿ ਧਰਮ ਦੀ ਕਿਰਤ ਕਰਨੀ, ਨਾਮ ਜੱਪਣਾ, ਵੰਡ ਛਕਣਾ ਅਤੇ ਦੂਜਿਆਂ ਦੇ ਦੁੱਖ-ਸੁੱਖ ‘ਚ ਸ਼ਰੀਕ ਹੋਣਾ ਗੁਰਬਾਣੀ ਦੇ ਅਜਿਹੇ ਅਨਮੋਲ ਸਿਧਾਂਤ ਹਨ ਜੋ ਮਨੁੱਖੀ ਜੀਵਨ ਨੂੰ ਉੱਚਾ-ਸੁੱਚਾ ਜੀਵਨ ਮਾਰਗ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦੇਸ਼ ਅਤੇ ਕੌਮ ਲਈ ਕੀਤੇ ਅਨੇਕਾਂ ਪਰ-ਉਪਕਾਰਾਂ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਜੰਗੀ ਕਮਰਕੱਸਾ ਖੋਲ੍ਹ ਸਿੱਖਾਂ ਨੂੰ ਸਾਹਿਤ ਰਚਨਾ ਪੱਖੋਂ ਵੀ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਇਸ ਸਥਾਨ ਨੂੰ ਗੁਰੂ ਕਾਂਸ਼ੀ ਦਾ ਦਰਜਾ ਦਿੰਦਿਆਂ ਫੁਰਮਾਨ ਕੀਤਾ ਕਿ ਇੱਥੇ ਅਲਪ ਬੁੱਧੀ ਵਾਲੇ ਵੀ ਗਿਆਨ ਹਾਸਲ ਕਰਨਗੇ ਅਤੇ 1706 ਈ: ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਦੇ ਸਥਾਨ ‘ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਨੌਂਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਅਤੇ ਪ੍ਰਲੋਕ-ਗਮਨ ਤੋਂ ਇੱਕ ਦਿਨ ਪਹਿਲਾਂ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਬਖਸ਼ਿਸ਼ ਕੀਤੀ ਅਤੇ ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਆਦੇਸ਼ ਕੀਤਾ। ਉਨ੍ਹਾਂ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਉਪਦੇਸ਼ ਨੂੰ ਪੜ੍ਹਨਾ, ਸੁਣਨਾ ਤੇ ਵਿਚਾਰਨਾ ਹੀ ਸਿੱਖ ਪੰਥ ਦਾ ਪ੍ਰਮ-ਧਰਮ ਹੈ।
ਉਨ੍ਹਾਂ ਕਿਹਾ ਕਿ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਧਰਮ ਗ੍ਰੰਥ ਹੈ, ਜਿਸ ਵਿੱਚ ਦੂਜੇ ਧਰਮਾਂ ਨਾਲ ਸਬੰਧਤ ਧਾਰਮਿਕ ਸ਼ਖਸੀਅਤਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ‘ਚ ਕਿਸੇ ਵੀ ਪ੍ਰਕਾਰ ਦੀ ਊਚ-ਨੀਚ, ਜਾਤ-ਪਾਤ, ਵਰਣ-ਵੰਡ ਤੇ ਕਿੱਤੇ-ਖਿੱਤੇ ਦਾ ਕੋਈ ਵਿਤਕਰਾ ਨਹੀਂ। ਜੋ ਵੀ ਪ੍ਰਾਣੀ ਇੱਕ ਮਨ, ਇੱਕ ਚਿੱਤ ਹੋ ਕੇ ਧੁਰ ਕੀ ਬਾਣੀ ਦਾ ਜਾਪ ਕਰਦਾ ਹੈ, ਉਸ ਦੀ ਮਾਨਸਿਕ ਅਵਸਥਾ ਉੱਚੀ ਹੋ ਜਾਂਦੀ ਹੈ। ਅੱਜ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ‘ਚ ਅਪਨਾ ‘ਗੁਰਬਾਣੀ ਇਸ ਜਗ ਮਹਿ ਚਾਨਣ’ ਅਨੁਸਾਰ ਆਪਣਾ ਜੀਵਨ ਰੁਸ਼ਨਾਈਏ।
ਉਨ੍ਹਾਂ ਕਿਹਾ ਕਿ ਗੁਰਬਾਣੀ ਹਰ ਤਰ੍ਹਾਂ ਦੇ ਵਖਰੇਵੇਂ, ਵੈਰ-ਵਿਰੋਧ, ਨਫ਼ਰਤ, ਈਰਖ਼ਾ, ਦੂਈ-ਦਵੈਤ ਅਤੇ ਨਿੰਦਾ ਦੀ ਭਾਵਨਾ ਨੂੰ ਰੱਦ ਕਰਦਿਆਂ ਸੰਗਤੀ ਰੂਪ ‘ਚ ਮਿਲ ਬੈਠ ਕੇ ਮਨੁੱਖਤਾ ਦਰਪੇਸ਼ ਸਮੱਸਿਆਵਾਂ ਦੇ ਹੱਲ ਦਾ ਸੰਦੇਸ਼ ਦਿੰਦੀ ਹੈ। ਅਜੋਕੇ ਯੁੱਗ ‘ਚ ਪਤਿਤਪੁਣਾ, ਨਸ਼ਿਆਂ ਦੀ ਹੋੜ੍ਹ ਅਤੇ ਗੁਰੂ-ਡੰਮ ਵਰਗੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਂ-ਥਾਂ ‘ਤੇ ਖੁੰਬਾਂ ਵਾਂਗ ਪਨਪ ਰਹੇ ਡੇਰਿਆਂ ਦੇ ਅਖੌਤੀ ਆਗੂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਭਰਮ-ਜਾਲ ‘ਚ ਫ਼ਸਾ ਕੇ ਗੁਰਮਤਿ ਤੋਂ ਦੂਰ ਲਿਜਾ ਰਹੇ ਹਨ। ਆਓ! ਧੁਰ ਕੀ ਬਾਣੀ ਦੇ ਕਲਿਆਣਕਾਰੀ ਸੰਦੇਸ਼ ਨੂੰ ਸੰਸਾਰ ਦੇ ਕੋਨੇ-ਕੋਨੇ ‘ਚ ਪਹੁੰਚਾਈਏ ਤੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਖਾਲਸਾ ਪੰਥ ਦਾ ਅਨਿੱਖੜਵਾਂ ਅੰਗ ਬਣੀਏ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ, ਭੱਟਾਂ, ਭਗਤਾਂ ਤੇ ਸਿੱਖਾਂ ਦੀਆਂ ਰਚਨਾਵਾਂ ਦਾ ਸੁਮੇਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ, ਸੁਚੱਜੀ ਜੀਵਨ ਜਾਚ, ਸਦਗੁਣਾ ਦਾ ਅਮੁੱਲ ਤੇ ਅਮੁੱਕ ਖਜ਼ਾਨਾ ਹੈ। ਦੁਨੀਆਂ ਭਰ ਦੇ ਧਰਮ ਗ੍ਰੰਥਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਲੱਖਣ ਰੁਤਬਾ ਹੈ। ਮਨੁੱਖ ਮਾਤਰ ਇਸ ਦੇ ਅਦਬ-ਸਤਿਕਾਰ ਦੇ ਨਾਲ ਮਹਾਨ ਸਿੱਖਿਆਵਾਂ ‘ਤੇ ਵਿਚਾਰ ਉਪਰੰਤ ਆਪਣੇ ਜੀਵਨ ’ਚ ਅਪਨਾ ਕੇ ਜੀਵਨ ਸਵਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਅੱਗੇ ਮੱਥਾ ਟੇਕ ਲੈਣਾ ਹੀ ਕਾਫ਼ੀ ਨਹੀਂ ਇਸ ਵਿਚਲੇ ਫ਼ਲਸਫ਼ੇ ‘ਤੇ ਵਿਚਾਰ ਕਰਕੇ ਜੀਵਨ ਨੂੰ ਇਸ ਅਨੁਸਾਰੀ ਬਨਾਉਣਾ ਹੀ ਗੁਰਮਤਿ ਜੀਵਨ-ਜੁਗਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਇਲਾਹੀ ਬਾਣੀ ਇੱਕ ਜੀਵਨ-ਜਾਚ ਹੈ, ਮਨੁੱਖ ਨੂੰ ਜਨਮ ਉਪਰੰਤ ’ਤੇ ਜਨਮ ਤੋਂ ਪਹਿਲਾਂ ਵੀ ‘ਜਿਨ ਹਰਿ ਹਿਰਦੇ ਨਾਮ ਨ ਵਸਿਆ ਤਿਨ ਮਾਤ ਕੀਜੈ ਹਰਿ ਬਾਂਝਾ॥’ ਭਾਵ ਜਨਮ ਦੇਣ ਵਾਲੀ ਮਾਂ ਵਾਸਤੇ ਵੀ ਨਾਮ-ਬਾਣੀ ਦਾ ਅਭਿਆਸ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਬੁਰੇ ਕੰਮਾਂ ਬਾਰੇ ਵੀ ਸੁਚੇਤ ਕਰਦਿਆਂ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਗੁਰਬਾਣੀ ਦੇ ਫੁਰਮਾਨ ‘ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸ ਚੀਤ ਨ ਆਵੇ॥ ਦੇ ਹਵਾਲੇ ਨਾਲ ਕਿਹਾ ਕਿ ਗੁਰਬਾਣੀ ਮਨੁੱਖੀ ਜੀਵਨ ’ਚ ਵਹਿਮਾਂ-ਭਰਮਾਂ, ਸ਼ਗਨ-ਅਪਸ਼ਗਨ ਨੂੰ ਹੋੜ੍ਹਦਿਆਂ ਵਹਿਮਾਂ-ਭਰਮਾਂ ਦਾ ਖੰਡਨ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਕੇਵਲ ਜੀਵਨ-ਜਾਚ ਹੀ ਨਹੀਂ, ਬਲਕਿ ਅਣਖ-ਆਬਰੂ, ਸਵੈਮਾਣ ਲਈ ਮਾਣਮੱਤੀ ਸ਼ਹਾਦਤ ਦੇਣ ਦਾ ਰਸਤਾ ਵੀ ਦਰਸਾਉਂਦੀ ਹੈ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨੁ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੁ ਨ ਛਾਡੈ ਖੇਤ॥’ ਅਨੁਸਾਰ ਅਜਿਹੀ ਵੀਰ-ਗਤੀ ਪ੍ਰਾਪਤ ਕਰਕੇ ਮਨੁੱਖ ਆਪਣੇ ਜੀਵਨ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ-ਡੰਮ, ਪਤਿਤਪੁਣਾ ਤੇ ਨਸ਼ਿਆਂ ਦੀ ਦਿਨ-ਬ-ਦਿਨ ਵਧ ਰਹੀ ਵਰਤੋਂ ਅਤੇ ਹੋਰ ਕਈ ਸਮਾਜਿਕ ਬੁਰਾਈਆਂ ਤੋਂ ਇੰਝ ਲਗਦਾ ਹੈ ਕਿ ਜਿਵੇਂ ਅਸੀਂ ਗੁਰਬਾਣੀ ਤੋਂ ਦੂਰ ਜਾ ਰਹੇ ਹਾਂ। ਅੱਜ ਲੋੜ ਹੈ ਸਵੈ-ਪੜਚੋਲ ਦੀ ਤਾਂ ਜੋ ਅਜਿਹੀਆਂ ਬੁਰਿਆਈਆਂ ਨੂੰ ਠੱਲ੍ਹ ਪੈ ਸਕੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ’ਚ ਵਿਦਿਆ ਤੇ ਗਿਆਨ ਪ੍ਰਾਪਤੀ ’ਤੇ ਜੋਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਤੇ ਪਾਰਦਰਸ਼ੀ ਬਨਾਉਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਚਾਰ ਮੁਹਿਮਾਂ, ਗ੍ਰੰਥੀ ਤੇ ਮਿਸ਼ਨਰੀ ਪੈਦਾ ਕਰਨ ਲਈ ਗੁਰਮਤਿ ਵਿਦਿਆਲੇ ਸਥਾਪਤ ਕੀਤੇ ਹਨ। ਵੱਖ-ਵੱਖ ਸਕੂਲਾਂ/ਕਾਲਜਾਂ ਤੋਂ ਅੱਗੇ ਵਧਦਿਆਂ ਫ਼ਤਹਿਗੜ੍ਹ ਸਾਹਿਬ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ’ ਸਥਾਪਤ ਕੀਤੀ ਗਈ ਹੈ। ਇਸ ਯੂਨੀਵਰਸਿਟੀ ਦਾ ਅਕਾਦਮਿਕ ਸੈਸ਼ਨ ਇਸ ਸਾਲ ਹੀ ਆਰੰਭ ਕੀਤਾ ਗਿਆ ਹੈ ਜਿਸ ਵਿਚ ਇਕ ਹਜ਼ਾਰ ਦੇ ਕਰੀਬ ਵੱਖ-ਵੱਖ ਕੋਰਸਾਂ ’ਚ ਦਾਖਲਾ ਲੈ ਚੁੱਕੇ ਹਨ। ਇਸ ਯੂਨੀਵਰਸਿਟੀ ’ਚ ਸਿੱਖ ਧਰਮ ਤੋਂ ਇਲਾਵਾ ਦੂਜੇ ਧਰਮਾਂ ਦੀ ਸਿੱਖਿਆ ਦਿੱਤੀ ਜਾਵੇਗੀ। ਇਥੇ ਹੀ ਬਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਨਾਲ ਵਿਦਿਅਕ ਸਮਝੌਤੇ ਵੀ ਕੀਤੇ ਹਨ ਜਿਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਅਕ ਅਦਾਰਿਆਂ ਵਿਚ ਦੋ/ਤਿੰਨ ਸਾਲ ਪੜ੍ਹਾਈ ਕਰਨ ਉਪਰੰਤ ਉਨ੍ਹਾਂ ਵਿਦਿਅਕ ਅਦਾਰਿਆਂ ਵਿਚ ਵਿਦਿਆ ਪ੍ਰਾਪਤ ਕਰਨ ਲਈ ਜਾ ਸਕਣਗੇ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ-ਸਾਂਝੇ ਗੁਰੂ ਹਨ ਜੋ ਮਨੁੱਖਤਾ ਨੂੰ ਮਜ਼ਹਬਾਂ, ਰੰਗਾਂ-ਨਸਲਾਂ, ਜਾਤਾਂ, ਇਲਾਕਿਆਂ ਤੇ ਭਾਸ਼ਾਵਾਂ ਦੇ ਵਖਰੇਵੇਂ ਮਿਟਾ ਸਾਂਝੀਵਾਲਤਾ ਦੇ ਸੁਖਾਵੇਂ ਬੰਧਨਾਂ ‘ਚ ਬੰਨ੍ਹਦੇ ਹਨ ਅਤੇ ਲੋਕਾਈ ਦੀਆਂ ਸਮੱਸਿਆਵਾਂ ਦੇ ਹੱਲ ਬਖਸ਼ਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲੋਕ-ਪਰਲੋਕ ਦਾ ਸੁੱਖ ਅਤੇ ਹਰ ਖੁਸ਼ੀ ਪ੍ਰਦਾਨ ਕਰਨ ਦੇ ਸਮਰੱਥ ਹਨ ਪਰ ਅਜਿਹਾ ਤਾਂ ਹੀ ਸੰਭਵ ਹੋਵੇਗਾ ਜਦ ਅਸੀਂ ਸਮਰੱਥ ਗੁਰੂ ਦੀ ਸ਼ਰਨ ‘ਚ ਆਵਾਂਗੇ।
ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਨੇ ਕਿਹਾ ਕਿ ਹਰ ਧਰਮ ਦੇ ਆਪਣੇ-ਆਪਣੇ ਧਰਮ ਗ੍ਰੰਥ ਹਨ। ਹਰ ਧਰਮ ਗ੍ਰੰਥ ਮਨੁੱਖੀ ਜ਼ਿੰਦਗੀ ਨੂੰ ਸੇਧ ਦਿੰਦਾ ਹੈ, ਪਰ ਸੰਸਾਰ ਦੇ ਸਭ ਧਰਮ ਗ੍ਰੰਥਾਂ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਲੰਦ ਰੁਤਬਾ ਹੈ ਕਿਉਂਕਿ ਇਹ ਜਾਗਤ-ਜੋਤ ਗੁਰੂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖੀ ਜੀਵਨ ਦੀ ਬਾਹਰੀ ਤੇ ਅੰਦਰੂਨੀ ਤਹਿਜ਼ੀਬ ਹੈ ਜਿਸ ਅਨੁਸਾਰ ਮਨੁੱਖ ਨੂੰ ਆਪਣਾ ਜੀਵਨ ਢਾਲਦਿਆਂ ਗੁਰੂ ‘ਤੇ ਭਰੋਸਾ ਰੱਖਣਾ ਚਾਹੀਦਾ ਹੈ। ਉਨ੍ਹਾਂ ਗੁਰਬਾਣੀ ਦੇ ਕਈ ਪ੍ਰਮਾਣ ਦਿੰਦਿਆਂ ਅਕਾਲ ਪੁਰਖ ਨਾਲ ਜੁੜਨ ਲਈ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰਬਾਣੀ ਊਚ-ਨੀਚ ਤੇ ਜਾਤ-ਪਾਤ ਨੂੰ ਮੂਲੋਂ ਹੀ ਰੱਦ ਕਰਦਿਆਂ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੰਦੀ ਹੈ। ਗੁਰਬਾਣੀ ‘ਚ ਔਰਤ ਨੂੰ ਸਤਿਕਾਰ ਦਾ ਦਰਜਾ ਦਿੱਤਾ ਗਿਆ ਹੈ। ਅਜੋਕੇ ਯੁੱਗ ‘ਚ ਔਰਤ ਨਾਲ ਕੀਤਾ ਜਾ ਰਿਹਾ ਸਲੂਕ ਅਤੇ ਭਰੂਣ-ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਸੱਚੇ ਗੁਰੂ ਦੀ ਉਪਮਾ ਗਾਇਨ ਕਰਨ ਨਾਲ ਅਕਾਲ ਪੁਰਖ ਦੀ ਰੰਗਤ ਚੜ੍ਹ ਜਾਂਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਵਿਸ਼ਵਾਸ਼ ਤੇ ਅਕੀਦੇ ਵਾਲੇ ਲੋਕ-ਪ੍ਰਲੋਕ ਸੁਹੇਲਾ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਨਾਮਵਰ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ, ਢਾਡੀ ਭਾਈ ਤਰਸੇਮ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਰਾਗੀ ਜਥੇ ਨੇ ਕਥਾ ਵਿਚਾਰ, ਇਲਾਹੀ ਬਾਣੀ ਦੇ ਕੀਰਤਨ ਤੇ ਬੀਰ-ਰਸੀ ਵਾਰਾਂ ਨਾਲ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਮੰਚ ਦਾ ਸੰਚਾਲਨ ਪ੍ਰਿੰਸੀਪਲ ਸ. ਅਮਰਜੀਤ ਸਿੰਘ ਤੇ ਤਖ਼ਤ ਸਾਹਿਬ ਦੇ ਕਥਾ ਵਾਚਕ ਗਿਆਨੀ ਜਗਤਾਰ ਸਿੰਘ ਨੇ ਕੀਤਾ।
ਅੱਜ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਵੇਲੇ ‘ਆਸਾ ਦੀ ਵਾਰ’ ਦੇ ਕੀਰਤਨ ਉਪਰੰਤ ਸੱਚਖੰਡ ਸ੍ਰ ਿਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕਥਾ-ਵਿਚਾਰ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ ਅਤੇ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਰਜੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਪਾਰਲੀਮਾਨੀ ਸਕੱਤਰ ਸ. ਜਗਦੀਪ ਸਿੰਘ ਨਕਈ, ਸ. ਅਮਰਜੀਤ ਸਿੰਘ ਸਿੱਧੂ (ਖਾਨਾ), ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਕਾਰ-ਸੇਵਾ ਵਾਲੇ ਬਾਬਾ ਕਸ਼ਮੀਰਾ ਸਿੰਘ ਜੀ ਭੁਰੀਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਮੋਹਣ ਸਿੰਘ ਬੰਗੀ ਤੇ ਸੰਤ ਮਿੱਠਾ ਸਿੰਘ, ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਉਪ-ਚੇਅਰਮੈਨ ਸ. ਤੇਜਾ ਸਿੰਘ, ਚੇਅਰਮੈਨ ਸ. ਗੁਰਜੀਤ ਸਿੰਘ ਰਾਮਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਥੇ. ਬਾਬਾ ਜੱਸਾ ਸਿੰਘ ਤੇ ਬਾਬਾ ਹਰਭਜਨ ਸਿੰਘ ਬੁਰਜ ਅਕਾਲੀ ਫੁਲਾ ਸਿੰਘ, ਸੰਤ ਹਰੀਦੇਵ ਸਿੰਘ ਈਸਾਪੁਰ, ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਤਲਵੰਡੀ ਸਾਬੋ ਦੇ ਭਾਈ ਜਸਵਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਸ. ਰਾਜਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ. ਸਕੱਤਰ ਸ. ਸਤਿਬੀਰ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸ. ਬਲਵੀਰ ਸਿੰਘ, ਸ. ਕੁਲਦੀਪ ਸਿੰਘ, ਸ. ਬਲਵਿੰਦਰ ਸਿੰਘ, ਸ. ਬਿਜੈ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਪ੍ਰਤਾਪ ਸਿੰਘ, ਐਡੀ. ਮੈਨੇਜਰ ਸ. ਮੁਖਤਾਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਤੇ ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ, ਸ. ਚਾਨਣ ਸਿੰਘ, ਸ. ਪ੍ਰਮਦੀਪ ਸਿੰਘ, ਸ. ਭਰਪੂਰ ਸਿੰਘ ਇੰਚਾਰਜ, ਸੁਪਰਵਾਈਜ਼ਰ ਸ. ਰਣਜੀਤ ਸਿੰਘ, ਸ. ਹਰਜਿੰਦਰ ਸਿੰਘ, ਸ. ਲਖਵਿੰਦਰ ਸਿੰਘ, ਸ. ਬਲਵਿੰਦਰ ਸਿੰਘ, ਸ. ਹਰਪਾਲ ਸਿੰਘ, ਬਾਬਾ ਰਤਨ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ।
ਨਗਰ ਕੀਰਤਨ ਦਮਦਮਾ ਸਾਹਿਬ ਪੁੱਜਣ ’ਤੇ ਨਿੱਘਾ ਸਵਾਗਤ: 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ 28 ਅਗਸਤ ਨੂੰ ਅਰੰਭ ਹੋਇਆ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਵੱਖ-ਵੱਖ ਨਿਹਾਂਗ ਸਿੰਘ ਜਥੇਬੰਦੀਆਂ ਧਾਰਮਿਕ ਸਭਾ-ਸੁਸਾਇਟੀਆਂ ਅਤੇ ਭਾਰੀ ਗਿਣਤੀ ’ਚ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਸਿਰ ’ਤੇ ਉਠਾ ਕੇ ਤਖ਼ਤ ਸਾਹਿਬ ਵਿਖੇ ਸੁਖ ਆਸਣ ਅਸਥਾਨ ’ਤੇ ਬਿਰਾਜਮਾਨ ਕੀਤਾ, ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਤ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਦੇ ਭੋਗ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕੀਤੀ।
ਲੰਗਰ ਤੇ ਰਿਹਾਇਸ਼: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਲਈ ਤਖ਼ਤ ਸਾਹਿਬ ਦੇ ਆਸ-ਪਾਸ ਵੱਖ-ਵੱਖ ਸਥਾਨਾਂ ‘ਤੇ ਲੰਗਰ ਲਗਾਏ ਹੋਏ ਸਨ ਤੇ ਰਿਹਾਇਸ਼ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ।
ਤਖ਼ਤ ਸਾਹਿਬ ਵਿਖੇ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਰੂਪਮਾਨ ਕਰਦੀ ਚਿਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ। ਤਖ਼ਤ ਸਾਹਿਬ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਹੋਇਆ ਸੀ।
ਧੰਨਵਾਦ: ਸਥਾਨਕ ਸੰਗਤਾਂ ਤੇ ਇਲਾਕੇ ਦੀਆਂ ਧਾਰਮਿਕ ਸਭਾ-ਸੁਸਾਇਟੀਆਂ ਨੇ ਸੰਪੂਰਨਤਾ ਸਮਾਗਮਾਂ ਦੇ ਕਾਰਜਾਂ ’ਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਪ੍ਰਸ਼ਾਸਨ ਤੇ ਨਗਰ ਕੌਂਸਲ ਵੱਲੋਂ ਮਿਲੇ ਸਹਿਯੋਗ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਤਲਵੰਡੀ ਸਾਬੋ ਤੱਕ ਦੇ ਸਮੁੱਚੇ ਰਸਤੇ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਤੇ ਕੀਤੀ ਸੇਵਾ ਲਈ ਧੰਨਵਾਦ ਕੀਤਾ।
ਅੰਮ੍ਰਿਤ ਸੰਚਾਰ : ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਤਿੰਨ ਦਿਨਾਂ ਅੰਮ੍ਰਿਤ-ਸੰਚਾਰ ਸਮਾਗਮ ਦੌਰਾਨ 330 ਪ੍ਰਾਣੀ ਖੰਡੇ-ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣੇ। ਅੰਮ੍ਰਿਤ-ਅਭਿਲਾਖੀਆਂ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ।