ਚੰਡੀਗੜ੍ਹ- ਪੰਜਾਬ ਦੇ ਲੋਕਪਾਲ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਐਸਜੀਪੀਸੀ ਪ੍ਰਧਾਨ ਅਤੇ ਕਪੂਰਥਲਾ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਜਗੀਰ ਕੌਰ ਸਮੇਤ ਦੋ ਹੋਰ ਵਿਅਕਤੀਆਂ ਦੇ ਖਿਲਾਫ਼ ਜਾਂਚ ਕਰਨ ਦੇ ਅਦੇਸ਼ ਦਿੱਤੇ ਹਨ। ਜਾਂਚ ਕਰਨ ਦੀ ਜਿੰਮੇਵਾਰੀ ਲੋਕਪਾਲ ਦੇ ਆਈਜੀ ਸ਼ਾਮਲਾਲ ਗਖੜ ਨੂੰ ਸੌਂਪੀ ਗਈ ਹੈ ਅਤੇ ਇੱਕ ਮਹੀਨੇ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਲੋਕਪਾਲ ਦੇ ਜਸਟਿਸ ਧਾਲੀਵਾਲ ਨੇ ਬੇਗੋਵਾਲ ਵਿੱਚ ਸਰਕਾਰੀ ਜਮੀਨ ਤੇ ਕਬਜ਼ੇ ਨੂੰ ਲੈ ਕੇ ਆਈ ਸਿਕਾਇਤ ਦੇ ਸਬੰਧ ਵਿੱਚ ਇਹ ਆਦੇਸ਼ ਦਿੱਤੇ ਹਨ।
ਕਪੂਰਥਲਾ ਦੇ ਇੱਕ ਵਿਅਕਤੀ ਵਲੋਂ ਸਰਕਾਰੀ ਜਮੀਨ ਤੇ ਕਬਜਾ ਕੀਤੇ ਜਾਣ ਦੇ ਅਰੋਪ ਵਿੱਚ ਸਿ਼ਕਾਇਤ ਕੀਤੀ ਗਈ ਹੈ ਕਿ ਬੀਬੀ ਜਗੀਰ ਕੌਰ ਤੇ ਮੁੱਖਮੰਤਰੀ ਬਾਦਲ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਰੋਪੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਸ ਜਮੀਨ ਦਾ ਠੇਕਾ ਬੀਬੀ ਜਗੀਰ ਕੌਰ ਲੈ ਰਹੀ ਹੈ, ਉਹ ਧੋਖੇਬਾਜ਼ੀ ਹੈ। ਬੀਬੀ ਜਗੀਰ ਕੌਰ ਤੇ ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਦੇ ਨਾਂ ਤੇ ਟਰਸਟ ਬਣਾ ਕੇ ਜਮੀਨ ਤੇ ਕਬਜਾ ਕੀਤਾ ਹੋਇਆ ਹੈ ਜੋ ਕਿ ਸਰਾਸਰ ਗਲਤ ਹੈ। ਬੇਗੋਵਾਲ ਵਿੱਚ 12 ਏਕੜ ਸਰਕਾਰੀ ਜਮੀਨ ਹੈ ਜਿਸ ਤੇ ਸਕੂਲ ਬਣਿਆ ਹੋਇਆ ਹੈ, ਇਸ ਜਮੀਨ ਦੇ ਕੁਝ ਹਿੱਸੇ ਤੇ ਖੇਤੀਬਾੜੀ ਕੀਤੀ ਜਾ ਰਹੀ ਹੈ ਜਿਸਦਾ ਠੇਕਾ ਖੁਦ ਬੀਬੀ ਜਗੀਰ ਕੌਰ ਲੈ ਰਹੀ ਹੈ। ਮੁੱਖਮੰਤਰੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਚੁੱਪ ਕਿਉਂ ਰਹੇ। ਵਿਧਾਨ ਸੱਭਾ ਵਿੱਚ ਵੀ ਕਈ ਵਾਰ ਇਹ ਮਾਮਲਾ ਉਠਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਕੋਈ ਵੀ ਵਿਅਕਤੀ ਸਰਕਾਰੀ ਜਮੀਨ ਦਾ ਠੇਕਾ ਖੁਦ ਨਹੀਂ ਲੈ ਸਕਦਾ।