ਬੀਜਿੰਗ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਪਣੀ ਚੀਨ ਯਾਤਰਾ ਦੌਰਾਨ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਸੀਮਾ ਖੋਲ੍ਹ ਦਿੱਤੀ ਜਾਵੇ ਅਤੇ ਲੋਕ ਬਿਨਾਂ ਪਾਸਪੋਰਟ ਤੋਂ ਯਾਤਰਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਚੀਨ ਅਤੇ ਪਾਕਿਸਤਾਨ ਦੀ ਦੋਸਤੀ ਹੋਰ ਵੀ ਮਜਬੂਤ ਹੋਵੇਗੀ।
ਰਾਸ਼ਟਰਪਤੀ ਜਰਦਾਰੀ ਨੇ ਇੱਕ ਟੀਵੀ ਚੈਨਲ ਤੇ ਗੱਲਬਾਤ ਦੌਰਾਨ ਕਿਹਾ ਕਿ ਮੇਰਾ ਇਹ ਸੁਫਨਾ ਹੈ ਕਿ ਨੇੜੇ ਭੱਵਿਖ ਵਿੱਚ ਚੀਨ ਦੇ ਲੋਕ ਪਾਕਿਸਤਾਨ ਅਤੇ ਪਾਕਿਸਤਾਨ ਦੇ ਲੋਕ ਚੀਨ ਵਿੱਚ ਬਿਨਾਂ ਪਾਸਪੋਰਟ ਤੋਂ ਯਾਤਰਾ ਕਰ ਸਕਣ। ਉਨ੍ਹਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਦਾ ਭੱਵਿਖ ਆਪਸ ਵਿੱਚ ਜੁੜਿਆ ਹੋਇਆ ਹੈ। ਚੀਨ ਦੇ ਅਸ਼ਾਂਤ ਸੂਬੇ ਜਿਨਜਿਆਂਗ ਦੀ ਯਾਤਰਾ ਦੌਰਾਨ ਜਰਦਾਰੀ ਨੇ ਕਿਹਾ ਕਿ ਇਹ ਖੇਤਰ ਪਾਕਿਸਤਾਨ ਅਤੇ ਚੀਨ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤਕ ਭੂਮਿਕਾ ਨਿਭਾ ਰਿਹਾ ਹੈ। ਜਿਨਜਿਆਂਗ ਸੂਬੇ ਦੀ ਸੀਮਾ ਦਾ ਵੱਡਾ ਹਿੱਸਾ ਪਾਕਿਸਤਾਨ ਹੇਠਲੇ ਕਸ਼ਮੀਰ ਦੀ ਸੀਮਾ ਦੇ ਨਾਲ ਲਗਦਾ ਹੈ। ਜਿਨਜਿਆਂਗ ਵਿੱਚ ਪਿੱਛਲੇ ਦਿਨੀਂ ਹੋਈਆਂ ਘਟਨਾਵਾਂ ਤੇ ਜਰਦਾਰੀ ਨੇ ਨਿਰਾਸ਼ਾ ਜਾਹਿਰ ਕੀਤੀ। ਉਨ੍ਹਾਂ ਨੇ ਚੀਨ ਵਲੋਂ ਅਤਵਾਦ ਨਾਲ ਨਜਿਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ। ਜਿਨਜਿਆਂਗ ਸੂਬੇ ਵਿੱਚ ਹਿੰਸਾ ਹੁੰਦੀ ਰਹਿੰਦੀ ਹੈ। ਚੀਨ ਦੇ ਇਸ ਸੂਬੇ ਵਿੱਚ ਹਾਂਸ ਲੋਕਾਂ ਨੂੰ ਵਸਾਏ ਜਾਣ ਦਾ ਊਈਗਰ ਲੋਕ ਵਿਰੋਧ ਕਰਦੇ ਹਨ।