ਅੰਮ੍ਰਿਤਸਰ:- ਜਾਗਤ ਜੋਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ-ਕੀਰਤਨ ਦਰਬਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ (ਸੱਚਖੰਡ ਸ੍ਰੀ ਹਰਿਮੰਦਰ ਸਾਹਿਬ) ‘ਚ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਨਾਮਵਰ ਰਾਗੀ ਜਥਿਆਂ ਨੇ ਹਿੱਸਾ ਲਿਆ। ਸ਼ਾਮ 8 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ 1.30 ਵਜੇ ਤੱਕ ਚੱਲੇ ਕਥਾ-ਕੀਰਤਨ ਦਰਬਾਰ ਵਿੱਚ 10 ਰਾਗੀ ਜਥਿਆਂ ਤੋਂ ਇਲਾਵਾ ਉੱਘੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ ਵਾਲੇ, ਪਦਮ ਸ੍ਰੀ ਅਵਾਰਡ ਪ੍ਰਾਪਤ ਭਾਈ ਨਿਰਮਲ ਸਿੰਘ ਖਾਲਸਾ, ਭਾਈ ਗੁਰਮੀਤ ਸਿੰਘ ਸ਼ਾਂਤ ਜਲੰਧਰ ਵਾਲੇ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ, ਭਾਈ ਅਮਰੀਕ ਸਿੰਘ ਗੁਰਦਾਸਪੁਰੀ, ਭਾਈ ਰਾਏ ਸਿੰਘ ਡੇਹਰਾਦੂਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਦੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਨਿਭਾਈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ, ਉੱਥੇ ਉਨ੍ਹਾਂ ਸਿੱਖ ਕੌਮ ਦੇ ਭਖਦੇ ਮਸਲੇ ‘ਸਹਿਜਧਾਰੀ ਸਿੱਖਾਂ ਦੀਆਂ ਵੋਟਾਂ, ਆਨੰਦ ਮੈਰਿਜ ਐਕਟ’ ਸਬੰਧੀ ਕੇਂਦਰ ਸਰਕਾਰ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖ਼ਲ-ਅੰਦਾਜ਼ੀ ਬਾਰੇ ਵੀ ਸੰਗਤਾਂ ਨੂੰ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਸਿੱਖ ਹਰ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ, ਪਰ ਇਹ ਆਪਣੇ ਧਰਮ ‘ਚ ਕਿਸੇ ਹੋਰ ਦੀ ਬੇ-ਲੋੜੀ, ਗੈਰ-ਸਿਧਾਂਤਕ ਦਖ਼ਲ-ਅੰਦਾਜ਼ੀ ਨੂੰ ਬਰਦਾਸ਼ਤ ਵੀ ਨਹੀਂ ਕਰਦਾ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੇਸ਼ ਲਈ ਸਿੱਖਾਂ ਦੀਆਂ 80% ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਹੋਣ, ਦੇਸ਼ ਦੇ ਅੰਨ-ਭੰਡਾਰਾਂ ਲਈ ਅਹਿਮ ਯੋਗਦਾਨ ਹੋਵੇ, ਅੱਜ ਆਪਣੇ ਹੀ ਦੇਸ਼ ‘ਚ ਬੇਗ਼ਾਨਗੀ ਭਰੇ ਮਾਹੌਲ ‘ਚ ਸਿੱਖਾਂ ਨੂੰ ਆਪਣੇ ਸਵੈ-ਮਾਨ ਦੀ ਲੜਾਈ ਲੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਮੂਲ ਨੂੰ ਪਛਾਨਣ ਦੀ ਲੋੜ ਹੈ, ਪਤਿਤ ਹੋ ਰਹੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਹੈ, ਬੱਚਿਆਂ ਨੂੰ ਗੁਰਸਿੱਖੀ ਬਾਰੇ ਘਰ-ਘਰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਪਾਸੋਂ ਤਿਆਰ ਕਰਵਾਈ ਖੰਡੇ-ਬਾਟੇ ਦੀ ਪਾਹੁਲ ਨੂੰ ਪਹਿਲਾਂ ਆਪ ਛਕਿਆ ਤੇ ਫਿਰ ਖਾਲਸੇ ਦੇ ਨਿਆਰੇਪਨ ਦੀ ਅੱਡਰੀ ਸ਼ੁਰੂਆਤ ਕੀਤੀ ਨੂੰ ਅੱਗੇ ਵਧਾਇਆ ਜਾ ਸਕੇ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਗਿਆਨੀ ਮੱਲ ਸਿੰਘ ਜੀ ਤੇ ਗਿਆਨੀ ਮਾਨ ਸਿੰਘ ਜੀ, ਨਵੇਂ ਚੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਸਤਿਬੀਰ ਸਿੰਘ, ਸ. ਤਰਲੋਚਨ ਸਿੰਘ ਤੇ ਸ. ਹਰਭਜਨ ਸਿੰਘ, ਡਾਇਰੈਕਟਰ ਸ. ਰੂਪ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ, ਸ. ਕੁਲਦੀਪ ਸਿੰਘ ਬਾਵਾ, ਸ. ਅੰਗਰੇਜ਼ ਸਿੰਘ, ਸ. ਕੇਵਲ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਐਡੀਸ਼ਨਲ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ, ਸ. ਜਸਵਿੰਦਰ ਸਿੰਘ ਦੀਪ, ਸ. ਸੁਰਿੰਦਰਪਾਲ ਸਿੰਘ, ਸ. ਜਗਜੀਤ ਸਿੰਘ, ਚੀਫ਼ ਗੁਰਦੁਆਰਾ ਇੰਸਪੈਕਟਰ ਸ. ਸਤਨਾਮ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ), ਐਡੀਸ਼ਨਲ ਮੈਨੇਜਰ ਸ. ਬਲਦੇਵ ਸਿੰਘ ਤੇ ਸ. ਮੁਖਤਾਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਰਾਗੀ ਜਥਿਆਂ ਦੇ ਇੰਚਾਰਜ ਸ. ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੇ ਕੀਰਤਨ ਦਰਬਾਰ ‘ਚ ਹਾਜ਼ਰੀ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।