ਲੁਧਿਆਣਾ- ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਰੋਕ ਲਗਾਉਣ ਨੂੰ ਪੰਜਾਬ ਦੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿੱਖਾਂ ਨਾਲ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਗਈ ਮੀਟਿੰਗ ਦੌਰਾਨ ਇਹ ਮਾਮਲਾ ਗੁਰਦੁਆਰਾ ਚੋਣ ਕਮਿਸ਼ਨ ਦੇ ਕੋਲ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਸਬੰਧੀ ਉਹ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਵੀ ਅਪੀਲ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਉਹ ਚੋਣਾਂ ਤੋਂ ਘੱਟ ਤੇ ਤਿਆਰ ਨਹੀਂ ਹਨ ਅਤੇ ਐਸਜੀਪੀਸੀ ਚੋਣਾਂ ਹੋਣੀਆਂ ਹੀ ਚਾਹੀਦੀਆਂ ਹਨ। ਇਹ ਸਿੱਖ ਸਮਾਜ ਦਾ ਧਾਰਮਿਕ ਪਰਜਾਤੰਤਰ ਦਾ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸਾਡੀ ਜਿੱਤ ਨੂੰ ਵੇਖਦੇ ਹੋਏ ਸੂਬੇ ਦੀ ਕਾਂਗਰਸ ਇਕਾਈ ਦੀ ਇਸ ਸਾਜਿਸ਼ ਵਿੱਚ ਅਹਿਮ ਭੂਮਿਕਾ ਹੈ। ਇਹ ਸਿੱਖਾਂ ਦੇ ਧਾਰਮਿਕ ਜਜਬਾਤ ਨੂੰ ਸੱਟ ਮਾਰਨ ਦੀ ਚਾਲ ਹੈ। ਮੁੱਖਮੰਤਰੀ ਨੇ ਕਿਹਾ ਕਿ ਚੋਣ ਪਰਕਿਰਿਆ ਜਾਰੀ ਰਹਿਣੀ ਚਾਹੀਦੀ ਹੈ। ਕੋਰ ਕਮੇਟੀ ਦੀ ਬੈਠਕ ਵਿੱਚ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਚੀਮਾ ਸਮੇਤ ਸ਼ੀਅਦ ਦੇ ਸਾਰੇ ਨੇਤਾਵਾਂ ਨੇ ਹਿੱਸਾ ਲਿਆ।