ਨਵੀਂ ਦਿੱਲੀ,- ਸ. ਹਰਵਿੰਦਰ ਸਿੰਘ ਸਰਨਾ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨ ਸਹਿਜਧਾਰੀਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਤਦਾਨ ਕਰਨ ਦੇ ਅਧਿਕਾਰ ਦੇ ਮੁੱਦੇ ਬਾਰੇ ਪੈਦਾ ਹੋਏ ਵਿਵਾਦ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਨਾਂ ਘਸੀਟੇ ਜਾਣ ਨੂੰ, ਉਨ੍ਹਾਂ ਦੀ ਬੌਖਲਾਹਟ ਕਰਾਰ ਦਿੰਦਿਆਂ ਕਿਹਾ ਹੈ ਕਿ ਸ. ਪਰਮਜੀਤ ਸਿੰਘ ਸਰਨਾ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ-ਵਿਰੋਧੀ ਸ਼ਕਤੀਆਂ ਨੂੰ ਪੰਥਕ ਮੋਰਚੇ ਦੇ ਝੰਡੇ ਹੇਠ ਇੱਕ-ਜੁਟ ਕਰਨ ਵਿੱਚ ਜੋ ਭੂਮਿਕਾ ਅਦਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਹਕ ਵਿੱਚ ਸਿੱਖਾਂ ਨੂੰ ਲਾਮਬੰਦ ਕਰਨ ਵਿੱਚ ਜੋ ਸਫਲਤਾ ਮਿਲ ਰਹੀ ਹੈ, ਉਸਤੋਂ ਬਾਦਲ ਦਲ ਦੇ ਖੇਮੇ ਵਿੱਚ ਘਬਰਾਹਟ ਅਤੇ ਬੌਖਲਾਹਟ ਦਾ ਪੈਦਾ ਹੋਣਾ ਸੁਭਾਵਕ ਹੈ।
ਸ. ਹਰਵਿੰਦਰ ਸਿੰਘ ਸਰਨਾ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਝੂਠ, ਫਰੇਬ ਅਤੇ ਸਾਜ਼ਸ਼ਾਂ ਰਾਹੀਂ ਸਿੱਖ-ਪੰਥ ਨੂੰ ਗੁਮਰਾਹ ਕਰ, ਆਪਣੀਆਂ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਦਿਆਂ ਰਹਿਣਾ ਬਾਦਲਕਿਆਂ ਦੀ ਫਿਤਰਤ ਵਿੱਚ ਹੀ ਸ਼ਾਮਲ ਹੈ। ਉਨ੍ਹਾਂ ਸ. ਬਾਦਲ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਸਾਬਤ ਕਰਨ ਕਿ ਇਸ ਸਾਜ਼ਸ਼ ਵਿੱਚ ਸ. ਪਰਮਜੀਤ ਸਿੰਘ ਸਰਨਾ ਦੀ ਕਿਸੇ ਵੀ ਪਧੱਰ ਤੇ ਕੋਈ ਭੂਮਿਕਾ ਰਹੀ ਹੈ, ਜੇ ਉਹ ਇਹ ਸਾਬਤ ਨਾ ਕਰ ਸਕੱਣ ਤਾਂ ਉਨ੍ਹਾਂ ਨੂੰ ਸਿੱਖ ਰਾਜਨੀਤੀ ਅਤੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਦੇਣ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ।
ਸ. ਸਰਨਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਵਲੋਂ ਤਾਂ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕੇਵਲ ਸਾਬਤ ਸੂਰਤ ਸਿੱਖ ਹੀ ਮਤਦਾਨ ਕਰ ਸਕਣ, ਜਦਕਿ ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਾਰੀਆਂ ਧਾਰਮਕ ਮਾਨਤਾਵਾਂ ਦੀ ਉਲੰਘਣਾ ਕਰਦਿਆਂ, ਸਰਕਾਰੀ ਸਾਧਨਾਂ ਦਾ ਇਸਤੇਮਾਲ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਸੱਤਾ ਪੁਰ ਆਪਣਾ ਕਬਜ਼ਾ ਬਣਾਈ ਰਖਣ ਦੇ ਉਦੇਸ਼ ਨਾਲ ਇੱਕ-ਇੱਕ ਦਿਨ ਵਿੱਚ ਅਜਿਹੀਆਂ ਹਜ਼ਾਰਾਂ ਵੋਟਾਂ ਬਣਵਾਈਆਂ ਜਿਨ੍ਹਾਂ ਵਿੱਚ ਪਤੱਤਾਂ ਅਤੇ ਗ਼ੈਰ-ਸਿੱਖਾਂ ਦੀਆਂ ਵੋਟਾਂ ਦੀ ਭਰਮਾਰ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀਆਂ ਦੇ ਮਤਦਾਨ ਕਰਨ ਦੇ ਮੁੱਦੇ ਤੇ ਪੈਦਾ ਹੋਏ ਵਿਵਾਦ ਅਤੇ ਇਨ੍ਹਾਂ ਚੋਣਾਂ ਲਈ ਬਣੀਆਂ ਵੋਟਾਂ ਵਿੱਚ ਪਤੱਤਾਂ ਅਤੇ ਗ਼ੈਰ-ਸਿੱਖਾਂ ਦੀਆਂ ਵੋਟਾਂ ਦੀ ਭਰਮਾਰ ਹੋਣ ਦੀ ਜਾਂਚ ਸੀ ਬੀ ਆਈ ਪਾਸੋਂ ਕਰਵਾਈ ਜਾਏ ਅਤੇ ਜੋ ਦੋਸ਼ੀ ਸਾਬਤ ਹੋਵੇ ਉਹ ਸਿੱਖ ਰਾਜਨੀਤੀ ਅਤੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਦੇਣ ਤੋਂ ਕਿਨਾਰਾ ਕਰ ਲਏ।
ਉਨ੍ਹਾਂ ਦੋਸ਼ ਲਾਇਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਰਕਾਰੀ ਸਾਧਨਾਂ ਦੀ ਵਰਤੋਂ ਕਰਨ ਦੇ ਨਾਲ ਹਰ ਉਹ ਹਥਕੰਡਾ ਇਸਤੇਮਾਲ ਕਰ ਰਹੇ ਹਨ, ਜਿਸ ਨਾਲ ਉਹ ਸ਼੍ਰੋਮਣੀ ਕਮੇਟੀ ਦੀ ਗੋਲਕ ਪੁਰ ਆਪਣਾ ਕਬਜ਼ਾ ਬਣਾਈ ਰਖੀ ਰਹਿ ਸਕਣ।