ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਸਾਹਮਣੇ ਬੁੱਧਵਾਰ ਸਵੇਰੇ ਸਵਾ ਦਸ ਵਜੇ ਅਤਵਾਦੀਆਂ ਵਲੋਂ ਕੀਤੇ ਗਏ ਬੰਬ ਬਲਾਸਟ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਤੋਂ ਉਪਰ ਜਖਮੀ ਹੋਏ ਹਨ। ਜਖਮੀਆਂ ਵਿੱਚ ਚਾਰ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਧਮਾਕੇ ਵਾਲੀ ਥਾਂ ਸੰਸਦ ਭਵਨ ਤੋਂ ਸਿਰਫ਼ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਇੰਡੀਆ ਗੇਟ ਦੇ ਬਿਲਕੁਲ ਕਰੀਬ ਹੈ।
ਦਿੱਲੀ ਹਾਈਕੋਰਟ ਵਿੱਚ ਬੁੱਧਵਾਰ ਦਾ ਦਿਨ ਜਨਹਿੱਤ ਪਟੀਸ਼ਨਾਂ ਦਾ ਦਿਨ ਹੁੰਦਾ ਹੈ। ਇਸ ਦਿਨ ਆਮ ਦਿਨਾਂ ਨਾਲੋਂ ਜਿਆਦਾ ਭੀੜ ਹੁੰਦੀ ਹੈ। ਧਮਾਕਾ ਸਵੇਰੇ ਸਵਾ ਦਸ ਵਜੇ ਗੇਟ ਨੰਬਰ ਪੰਜ ਤੇ ਹੋਇਆ। ਉਸ ਸਮੇਂ 200 ਦੇ ਕਰੀਬ ਲੋਕ ਪਾਸ ਬਣਵਾਉਣ ਲਈ ਛੇਅ ਕਤਾਰਾਂ ਵਿੱਚ ਖੜ੍ਹੇ ਸਨ। ਬੰਬ ਬਰੀਫਕੇਸ ਵਿੱਚ ਰੱਖਿਆ ਗਿਆ ਸੀ। ਧਮਾਕੇ ਵਿੱਚ ਅਮੋਨੀਅਮ ਨਾਈਟਰੇਟ ਦੇ ਨਾਲ ਪੀਈਟੀਐਨ ਨਾਂ ਦਾ ਵਿਸਫੋਟ ਵਰਤਿਆ ਗਿਆ। ਬਲਾਸਟ ਵਾਲੀ ਥਾਂ ਤੇ ਖੂਨ ਅਤੇ ਮਨੁੱਖੀ ਅੰਗ ਖਿਲਰੇ ਪਏ ਸਨ। ਜਖਮੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚਾਇਆ ਗਿਆ। ਗ੍ਰਹਿਮੰਤਰੀ ਪੀ ਚਿੰਦਾਬਰਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜਾ ਲਿਆ। ਰਾਹੁਲ ਗਾਂਧੀ ਵੀ ਘਟਨਾਸਥਲ ਤੇ ਪਹੁੰਚੇ। ਉਨ੍ਹਾਂ ਨੂੰ ਲੋਕਾਂ ਦੇ ਗੁਸੇ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਪੁਲਿਸ ਨੇ ਦੋ ਅਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ। ਇੱਕ ਅਤਵਾਦੀ ਦੀ ਉਮਰ 26 ਸਾਲ ਅਤੇ ਦੂਸਰਾ 50 ਦੇ ਕਰੀਬ ਦਸਿਆ ਜਾ ਰਿਹਾ ਹੈ। ਅਤਵਾਦੀ ਸੰਗਠਨ ਹਰਕਤ ਅਲ ਜਿਹਾਦੀ ਨੇ ਮੇਲ ਭੇਜ ਕੇ ਬਲਾਸਟ ਦੀ ਜਿੰਮੇਵਾਰੀ ਲਈ ਹੈ। ਅਫਜਲ ਗੁਰੂ ਦੀ ਰਿਹਾਈ ਦੀ ਮੰਗ ਕਰਦੇ ਹੋਏ ਹੋਰ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ। ਨੈਸ਼ਨਲ ਇੰਟੈਲੀਜੈਂਸ ਏਜੰਸੀ ਦੀ 20 ਮੈਂਬਰਾਂ ਦੀ ਟੀਮ ਜਾਂਚ ਕਰ ਰਹੀ ਹੈ।
ਹਾਈਕੋਰਟ ਤੇ ਹਮਲਾ ਸੰਸਦ ਦੀ ਬੈਠਕ ਸ਼ੁਰੂ ਹੋਣ ਦੇ ਠੀਕ ਪਹਿਲੇ ਹੋਇਆ ਹੈ। ਵਿਰੋਧੀ ਧਿਰ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਅਤੇ ਗ੍ਰਹਿਮੰਤਰੀ ਨੇ ਸਦਨ ਵਿੱਚ ਬਿਆਨ ਦਿੱਤਾ। ਇਸ ਮੌਕੇ ਤੇ ਸੰਸਦ ਨੇ ਸਰਕਾਰ ਦੇ ਨਾਲ ਇੱਕਜੁਟਤਾ ਵਿਖਾਈ ਅਤੇ ਅਤਵਾਦ ਦੀ ਨਿੰਦਿਆ ਕੀਤੀ ਗਈ। ਦਿੱਲੀ ਅਤੇ ਕੇਂਦਰ ਸਰਕਾਰ ਦੋਵਾਂ ਨੇ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ ਚਾਰ-ਚਾਰ ਅਤੇ ਦੋ-ਦੋ ਲੱਖ ਅਤੇ ਜਖਮੀਆਂ ਨੂੰ ਇੱਕ-ਇੱਕ ਲੱਖ ਦੇ ਮੁਆਵਜੇ ਦੀ ਘੋਸ਼ਣਾ ਕੀਤੀ ਹੈ।