ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਬਿਆਨ ਜਾਰੀ ਕਰਦਿਆਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਸਮੂਹ ਮੈਂਬਰਾਂ ਅਤੇ ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੌਰਾਨ ਪੰਜਾਬ ਦੇ 1700 ਤੋਂ ਵੱਧ ਪਿੰਡਾਂ ‘ਚ ਬਣਾਏ ਗਏ ਹਜਾਰਾਂ ਦੀ ਗਿਣਤੀ ‘ਚ ਮੁੱਖ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ 18 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਸਮੇਂ ਸ਼੍ਰੋਮਣੀ ਅਲਾਕੀ ਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ। ਉਨ੍ਹਾਂ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਵਲੋਂ ਸਹਿਜਧਾਰੀ ਦੇ ਮਸਲੇ ਬਾਰੇ ਬੋਲਦਿਆਂ ਕਿਹਾ ਕਿ ਹਿੰਦੂ ਧਰਮ, ਮੁਸਲਮ ਧਰਮ, ਇਸਾਈ, ਜੈਨ, ਬੁਧ ਅਤੇ ਹੋਰ ਧਰਮਾਂ ‘ਚ ਕਿਤੇ ਵੀ ਸਹਿਜਧਾਰੀ ਦਾ ਜਿਕਰ ਨਹੀ ਮਿਲਦਾ ਪਰ ਹੈਰਾਨਗੀ ਦੀ ਗੱਲ ਇਹ ਹੇ ਕਿ ਸਿੱਖ ਪੰਥ ‘ਚ ਸਹਿਜਧਾਰੀ ਦਾ ਵਿਵਾਦ ਕਿਥੋਂ ਖੜ੍ਹਾ ਹੋ ਗਿਆ। ਉਨ੍ਹਾਂ ਕਿਹਾ ਕਿ ਤੱਤ ਗੁਰਮਤਿ ਅਨੁਸਾਰ ਅਸਲ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਸਿੱਖਾਂ ਦਾ ਗੁਰ ਸ਼ਬਦ ਅਤੇ ਗੁਰਬਾਣੀ ਉਪਰ ਭਰੋਸਾ ਹੀ ਨਹੀਂ ਜੇ ਭਰੋਸਾ ਹੋਵੇ ਤਾਂ ਕਿ ਉਹ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਹੁਕਮ ਤੋਂ ਬਾਗੀ ਹੋਕੇ ਨਾਈਆਂ ਦੀਆਂ ਦੁਕਾਨਾਂ ਤੇ ਗੁਰੂ ਕੀ ਮੋਹਰ ਦਾੜੀ ਅਤੇ ਕੇਸਾਂ ਨੂੰ ਗੰਦੀਆਂ ਨਾਲੀਆਂ ‘ਚ ਨਾਂ ਰੋਲਣ। ਜਿਹੜੇ ਮੋਨੇ ਘੋਨੇ ਹਨ ਸਵੈ-ਸਪਸ਼ਟ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੋਂ ਬਾਗੀ ਹਨ ਅਤੇ ਗੁਰੁ ਗ੍ਰੰਥ ਸਾਹਿਬ ਜੀ ਨੂੰ ਸੱਚਾ ਗੁਰੂ ਮੰਨਦੇ ਹੀ ਨਹੀਂ, ਉਹ ਗੁਰੂ ਤੋਂ ਬੇਮੁੱਖ ਵੀ ਹਨ ਅਤੇ ਸਿੱਖ ਵੀ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਪਵਿੱਤਰ ਦਸਤਾਵੇਜ ਸਿੱਖ ਰਹਿਤ ਮਰਯਾਦਾ ‘ਚ ਸਹਿਜਧਾਰੀ ਸ਼ਬਦ ਦਾ ਕੋਈ ਜਿਕਰ ਹੀ ਨਹੀ ਅਤੇ ਸਿੱਖ ਧਰਮ ‘ਚ ਸਹਿਜਧਾਰੀ ਕਿਥੋਂ ਪਨਪ ਰਹੇ ਹਨ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਦਾਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਚਾਲਾਂ ਪੰਥ ਦੋਖੀਆਂ ਦੀਆਂ ਹਨ ਅਤੇ ਪੰਥ ਖ਼ਾਲਸੇ ਨੂੰ ਢਾਅ ਲਾ ਰਹੀਆਂ ਹਨ। ਆਨੰਦ ਮੈਰਿਜ ਐਕਟ ਬਾਰੇ ਉਨ੍ਹਾਂ ਕਿਹਾ ਕਿ ਆਨੰਦ ਕਾਰਜ ਦੇ ਖਰੜੇ ਨੂੰ ਸੰਸਦ ‘ਚ ਪੇਸ਼ ਹੋਣੋ ਰੱਦ ਕਰਨਾ ਬਹੁਤ ਦੁਖਦਾਈ ਘਟਨਾਂ ਹੈ। ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਜਾਦ ਹਿੰਦੁਸਤਾਨ ‘ਚ ਧਾਰਮਿਕ ਤੌਰ ਤੇ ਗੁਲਾਮ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਰਾਜਨਿਤਿਕ ਤਾਕਤ ਹੇ ਅਤੇ ਸ਼੍ਰੋਮਣੀ ਕਮੇਟੀ ਇਕ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਾਂਝੇ ਤੋਰ ਤੇ ਅਤੇ ਹਰ ਮਨੁਖ ਨੂੰ ਜਿਸ ਦੇ ਅੰਦਰ ਸਿੱਖ ਹਿਰਦਾ ਧੜਕਦਾ ਹੈ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਧਾਰਮਿਕ ਅਜਾਦੀ ਲਈ ਸਿਰ ਤੋੜ ਯਤਨ ਕਰਨ ਲਈ ਕਮਰਕੱਸੇ ਕਰਨ।
ਉਨ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਜਥੇਦਾਰ ਅਕਾਲ ਤਖ਼ਤ ਨੂੰ ਇਨ੍ਹਾਂ ਅਤਿਗੰਭੀਰ ਮਸਲਿਆਂ ਬਾਰੇ ਕੋਈ ਫੈਂਸਲਾਂਕੁੰਨ ਸੇਧ ਕੌਮ ਨੂੰ ਦੇਣੀ ਬੰਨਦੀ ਹੈ ਅਤੇ ਸਾਰੀ ਸਿੱਖ ਕੌਮ ਨੂੰ ਇੱਕ ਮੁੱਠ ਹੋ ਕੇ ਧਾਰਮਿਕ ਅਜਾਦੀ ਲਈ ਸਿਆਸੀ ਲੜਾਈ ਲੜਣੀ ਪਵੇਗੀ।