ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਰੋਜ਼ਾਨਾ ਨੌ ਹਜ਼ਾਰ ਰੁਪਏ ਦਾ ਪੈਟਰੋਲ ਖਰਚ ਕਰਦੇ ਹਨ। ਉਹ ਪਿਛਲੇ ਪੰਜ ਸਾਲਾਂ ਵਿਚ 1.64 ਕਰੋੜ ਰੁਪਏ ਪੈਟਰੋਲ ‘ਤੇ ਖਰਚ ਕਰ ਚੁੱਕੇ ਹਨ। ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਤਹਿਤ ਲਈ ਗਈ ਇਸ ਜਾਣਕਾਰੀ ਦੇ ਆਧਾਰ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸਦੀ ਜਾਂਚ ਕਿਸੇ ਰਿਟਾਇਰ ਜੱਜ ਪਾਸੋਂ ਕਰਵਾਉਣ।
ਖਹਿਰਾ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਪੈਟਰੋਲ ਦਾ ਖਰਚਾ ਇੰਨਾ ਨਹੀਂ ਹੋ ਸਕਦਾ। ਇਸਤੋਂ ਇਲਾਵਾ ਉਨ੍ਹਾਂ ਨੇ ਇਸ ਸਬੰਧੀ ਵੀ ਚਿੰਤਾ ਪ੍ਰਗਟਾਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ 23 ਕਰੋੜ ਦੇ ਘਾਟੇ ਵਿਚ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਮੇਂ ਐਸਜੀਪੀਸੀ ਦੀਆਂ ਚੋਣਾਂ ਦਾ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਇਸਦਾ ਅਸਰ ਇਨ੍ਹਾਂ ਚੋਣਾਂ ਉਪਰ ਵੀ ਪੈ ਸਕਦਾ ਹੈ।