ਨਵੀਂ ਦਿੱਲੀ – : ਅੱਜ ਇਥੇ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਗਵਾਈ ਵਿੱਚ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਕਾਨੂੰਨ ਮੰਤਰੀ ਜਨਾਬ ਸਲਮਾਨ ਖੁਰਸ਼ੀਦ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਹੋਈ ਗਲਬਾਤ ਦੀ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਕਾਨੂੰਨ ਮੰਤਰੀ ਨਾਲ 40 ਮਿੰਟਾਂ ਤੱਕ ਚੱਲੀ ਇਹ ਮੁਲਾਕਾਤ ਬਹੁਤ ਹੀ ਸਦਭਾਵਨਾ-ਪੂਰਣ ਅਤੇ ਲਾਹੇਵੰਦ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਮੁਲਾਕਾਤ ਦੌਰਾਨ ਪ੍ਰਤੀਨਿਧੀ ਮੰਡਲ ਨੇ ਉਨ੍ਹਾਂ ਵਲੋਂ ਬੀਤੇ ਦਿਨੀਂ ਸੰਸਦ ਵਿੱਚ ਅਨੰਦ ਮੈਰਿਜ ਐਕਟ ਦੇ ਸੰਬੰਧ ਵਿੱਚ ਦਿਤੇ ਗਏ ਬਿਆਨ ਕਾਰਣ, ਸਿੱਖ ਜਗਤ ਵਿੱਚ ਜੋ ਰੋਸ ਪੈਦਾ ਹੋਇਆ, ਉਸ ਬਾਰੇ ਉਨ੍ਹਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਦਸਿਆ ਕਿ ਯੂਪੀਏ ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆਂ ਗਾਂਧੀ ਨੇ ਅਨੰਦ ਮੈਰਿਜ ਐਕਟ ਬਣਾਏ ਜਾਣ ਦੀ ਸਿੱਖਾਂ ਦੀ ਮੰਗ ਛੇਤੀ ਤੋਂ ਛੇਤੀ ਮੰਨੇ ਜਾਣ ਦਾ ਭਰੋਸਾ ਦੁਆਇਆ ਸੀ ਅਤੇ ਪਿਛਲੇ ਕਾਨੂੰਨ ਮੰਤਰੀ ਸ਼੍ਰੀ ਵੀਰੱਪਾ ਮੋਇਲੀ ਨੇ ਪਤ੍ਰਕਾਰਾਂ ਸਾਹਮਣੇ ਜਾਣਕਾਰੀ ਦਿੱਤੀ ਸੀ ਕਿ ਕਾਨੂੰਨ ਵਿਭਾਗ ਵਲੋਂ ਅਨੰਦ ਮੈਰਿਜ ਐਕਟ ਦੇ ਮਸੌਦੇ ਨੂੰ ਕਲੀਅਰ ਕਰ ਦਿੱਤਾ ਗਿਆ ਹੈ। ਹੁਣ ਕੈਬਿਨਟ ਦੀ ਬੈਠਕ ਵਿੱਚ ਇਸਦੀ ਮੰਨਜ਼ੂਰੀ ਲੈ ਕੇ ਇਸ ਨੂੰ ਕਾਨੂੰਨੀ ਰੂਪ ਦੇਣ ਦੀ ਪ੍ਰਕ੍ਰਿਆ ਪੂਰੀ ਕਰ ਲਈ ਜਾਇਗੀ। ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕਰਦਿਆਂ ਇਹ ਵੀ ਪਤਾ ਲੱਗਾ ਕਿ ਕਿਨ੍ਹਾਂ ਤਾਕਤਾਂ ਦੀਆਂ ਸਾਜਿਸ਼ਾਂ ਕਰਕੇ ਅਨੰਦ ਮੈਰਿਜ ਐਕਟ ਨਹੀਂ ਬਣ ਪਾ ਰਿਹਾ ਹੈ। ਕਾਨੂੰਨ ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਜਾਪਦਾ ਹੈ ਕਿ ਉਨਾਂ ਨੇ ਆਪਣੇ ਵਿਭਾਗ ਦੇ ਰਿਕਾਰਡ ਦੀ ਘੋਖ ਕੀਤੇ ਬਿਨਾਂ ਹੀ ਅਜਿਹਾ ਬਿਆਨ ਦੇ ਦਿੱਤਾ, ਜਿਸ ਨਾਲ ਸਿੱਖਾਂ ਦੇ ਸਰਕਾਰ ਪ੍ਰਤੀ ਵਿਸ਼ਵਾਸ ਨੂੰ ਗਹਿਰਾ ਧੱਕਾ ਲਗਾ?
ਸ. ਸਰਨਾ ਨੇ ਦਸਿਆ ਕਿ ਕਾਨੂੰਨ ਮੰਤਰੀ ਨੇ ਸਵੀਕਾਰ ਕੀਤਾ ਕਿ ਅਕਾਲੀ ਸਾਂਸਦਾਂ ਵਲੋਂ ਸੰਸਦ ਵਿੱਚ ਇਹ ਮੁੱਦਾ ਇੱਕ ਆਮ ਪ੍ਰਸ਼ੰਨ ਵਜੋਂ ਉਠਾਇਆ ਗਿਆ ਸੀ, ਜਿਸਤੇ ਉਨ੍ਹਾਂ ਵਲੋਂ ਬਿਨਾਂ ਕਿਸੇ ਤਿਆਰੀ ਦੇ ਉਸਦਾ ਜਵਾਬ ਦੇ ਦਿੱਤਾ ਗਿਆ ਸੀ, ਜਿਸਦਾ ਉਨ੍ਹਾਂ ਨੂੰ ਅਫਸੋਸ ਹੈ, ਕਿ ਉਨ੍ਹਾਂ ਦੇ ਉਸ ਜਵਾਬ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਚੋਟ ਪੁਜੀ ਹੈ। ਸ. ਸਰਨਾ ਨੇ ਹੋਰ ਦਸਿਆ ਕਿ ਜਨਾਬ ਸਲਮਾਨ ਖੁਰਸ਼ੀਦ ਨੇ ਪ੍ਰਤੀਨਿਧੀ ਮੰਡਲ ਦੀ ਗੱਲ ਨੂੰ ਬੜੇ ਧਿਆਨਪੂਰਵਕ ਸੁਣਿਆ ਤੇ ਕਿਹਾ ਕਿ ਉਹ ਆਪ ਇੱਕ ਘਟ-ਗਿਣਤੀ ਫਿਰਕੇ ਨਾਲ ਸੰਬੰਧਤ ਹੋਣ ਕਾਰਣ ਸਿੱਖ ਘਟ-ਗਿਣਤੀ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਮੰਗ ਅਨੁਸਾਰ ਜਲਦੀ ਹੀ ਅਨੰਦ ਮੈਰਿਜ ਬਿਲ ਪਾਸ ਕਰਵਾ, ਉਸਨੂੰ ਐਕਟ ਦਾ ਰੂਪ ਦੇ ਦਿੱਤਾ ਜਾਇਗਾ। ਹੁਣ ਇਸ ਕੰਮ ਵਿੱਚ ਨਾ ਤਾਂ ਹੋਰ ਦੇਰੀ ਹੋਣ ਦਿੱਤੀ ਜਾਇਗੀ ਅਤੇ ਨਾ ਹੀ ਕੋਈ ਕੋਤਾਹੀ ਹੋਵੇਗੀ। ਸ. ਸਰਨਾ ਨੇ ਪ੍ਰਤੀਨਿਧੀ ਮੰਡਲ ਵੱਲੋਂ ਇਸ ਸਬੰਧੀ ਇਕ ਲਿਖਤੀ ਮੰਗ ਪੱਤਰ ਵੀ ਕਾਨੂੰਨ ਮੰਤਰੀ ਨੂੰ ਸੌਂਪਿਆ।
ਪ੍ਰਤੀਨਿਧੀ ਮੰਡਲ ਵਿੱਚ ਸ. ਪਰਮਜੀਤ ਸਿੰਘ ਸਰਨਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ, ਜਨਰਲ ਸਕੱਤ੍ਰ ਸ. ਗੁਰਮੀਤ ਸਿੰਘ ਸ਼ੰਟੀ, ਜਾਇੰਟ ਸਕੱਤ੍ਰ ਸ. ਕਰਤਾਰ ਸਿੰਘ ਕੋਛੜ, ਸ. ਰਘਬੀਰ ਸਿੰਘ ਜੌੜਾ, ਸ. ਮਨਜੀਤ ਸਿੰਘ ਸਰਨਾ, ਸ. ਸ਼ਮਸ਼ੇਰ ਸਿੰਘ ਸੰਧੂ ਆਦਿ ਸ਼ਾਮਲ ਸਨ।
ਅਨੰਦ ਮੈਰਿਜ ਬਿੱਲ ਨੂੰ ਜਲਦੀ ਹੀ ਐਕਟ ਦਾ ਰੂਪ ਦੇ ਦਿੱਤਾ ਜਾਵੇਗਾ- ਕਾਨੂੰਨ ਮੰਤਰੀ
This entry was posted in ਭਾਰਤ.