ਅੰਮ੍ਰਿਤਸਰ:- ਅੱਜ ਦੇ ਵੱਖ-ਵੱਖ ਅਖ਼ਬਾਰਾਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲ 2011-12 ਦੇ ਬਜਟ ਨੂੰ ਘਾਟੇ ’ਚ ਦਰਸਾਉਂਦੀਆਂ ਖ਼ਬਰਾਂ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਐਡੀ. ਸਕੱਤਰ ਸ. ਤਰਲੋਚਨ ਸਿੰਘ ਨੇ ਕਿਹਾ ਕਿ ਬਜਟ ’ਚ ਦਰਸਾਈਆਂ ਕੁਝ ਰਕਮਾਂ ਵੱਖ-ਵੱਖ ਕਾਰਜਾਂ ਲਈ ਵੱਖ-ਵੱਖ ਸਾਲਾਂ ਦੀ ਬਚਤ ਵਿਚੋਂ ਲੈਣ ਯੋਗ ਦਰਸਾਈਆਂ ਗਈਆਂ ਹਨ ਅਤੇ ਇਹ ਖਰਚ ਅੰਦਾਜਨ ਹਨ ਜੋ ਸਬੰਧਤ ਪ੍ਰਜੈਕਟ ਸ਼ੁਰੂ ਹੋਣ ਉਪਰੰਤ ਹੀ ਖਰਚ ਕੀਤੀਆਂ ਜਾਣੀਆਂ ਹੁੰਦੀਆਂ ਹਨ ਇਸ ਲਈ ਬਜਟ ’ਚ ਘਾਟੇ ਸਬੰਧੀ ਵਾਵੇਲਾ ਨਿਰਮੂਲ ਤੇ ਗੁੰਮਰਾਹ-ਕੁੰਨ ਹੈ ਅਤੇ ਸੰਗਤਾਂ ਨੂੰ ਅਜਿਹੇ ਬਿਆਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਤੇ ਇਸ ਦੇ ਪ੍ਰਬੰਧ ਅਧੀਨ ਸਮੂੰਹ ਗੁਰਦੁਆਰਾ ਸਾਹਿਬਾਨ ਦਾ ਹਿਸਾਬ-ਕਿਤਾਬ ਨਿਯਮਾਂ ਅਨੁਸਾਰ ਤੇ ਪਾਰਦਰਸ਼ੀ ਹੈ ਜਿਸ ਨੂੰ ਕਿਸੇ ਵੀ ਸਮੇਂ ਕੋਈ ਵਿਅਕਤੀ ਦੇਖ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਕਾਊਟਸ ਦੇ ਕੰਮਾਂ ਤੋ ਜਾਣੁ ਹਰੇਕ ਵਿਅਕਤੀ ਇਹ ਜਾਣਦਾ ਹੈ ਕਿ ਹਮੇਸ਼ਾਂ ਜਦੋ ਵੀ ਕੋਈ ਬਜਟ ਤਿਆਰ ਹੁੰਦਾ ਹੈ ਤਾਂ ਉਸ ਵਿੱਚ ਸਾਰੀਆ ਰਕਮਾਂ ਅਨੁਮਾਨਤ ਹੀ ਰੱਖੀਆਂ ਹੁੰਦੀਆਂ ਹਨ ਕਿਉਂਕਿ ਉਹ ਖਰਚਾ ਅਜੇ ਹੋਣਾ ਹੁੰਦਾ ਹੈ ਪਰ ਇਹ ਨਹੀ ਪਤਾ ਹੁੰਦਾ ਕਿ ਕਿੰਨਾ ਕੁ ਖਰਚਾ ਹੋਵੇਗਾ ਇੰਜ ਹੀ ਦਰਬਾਰ ਸਾਹਿਬ ਦੇ ਬਜਟ 2010-11 ਵਿੱਚ 113 ਕਰੋੜ 50 ਲੱਖ ਰੁਪਏ ਦੀ ਅਨੁਮਾਨਤ ਆਮਦਨ ਰੱਖੀ ਗਈ ਸੀ ਜੱਦ ਕਿ ਅਸਲ ਆਮਦਨ 118 ਕਰੋੜ 54 ਲੱਖ 25 ਹਜਾਰ 805 ਰੁਪਏ ਹੋਈ ਹੈ ਇਸੇ ਤਰ੍ਹਾਂ ਹੀ ਬਜਟ ਦੇ ਭਾਗ ਖਰਚ ਵਿੱਚ ਅਨੁਮਾਨਤ ਖਰਚ (ਰੋਟੀਨ+ਸਹਾਇਤਾ ) ਦੀ 101 ਕਰੋੜ 17 ਲੱਖ ਦਾ ਦਰਸਾਇਆ ਗਿਆ ਸੀ ਉਹ ਅਸਲ ਵਿੱਚ 99 ਕਰੋੜ 1 ਲੱਖ 68 ਹਜਾਰ 90 ਰੁਪਏ ਦਾ ਹੀ ਹੋਇਆ ਸੀ ਤੇ ਪੂੰਜੀਗਤ ਖਰਚਾ (ਖਰੀਦ ਜਾਇਦਾਦ,ਉਸਾਰੀ ਸਰਾਵਾਂ,ਸਮਾਨ,ਨਵੀਣੀਕਰਣ ਇਮਾਰਤਾਂ) ਜੋ ਅਨੁਮਾਨਤ 27 ਕਰੋੜ 83 ਲੱਖ ਦਾ ਰੱਖਿਆ ਸੀ ਉਹ ਅਸਲ ਵਿੱਚ 8 ਕਰੋੜ 32 ਲੱਖ 77 ਹਜਾਰ 147 ਰੁਪਏ ਦਾ ਹੋਇਆ ਸੀ ਭਾਵ ਬਜਟ ਹਮੇਸ਼ਾਂ ਹੀ ਅਨੁਮਾਨਤ ਹੁੰਦਾ ਹੈ ਇਸ ਨੂੰ ਕਦੇ ਵੀ ਫਾਈਨਲ ਨਹੀ ਸਮਝਿਆ ਜਾ ਸਕਦਾ, ਹਰੇਕ ਸਾਲ ਸ੍ਰੀ ਦਰਬਾਰ ਸਾਹਿਬ ਦੀ ਆਮਦਨ ਬਜਟ ਚ ਰੱਖੀ ਹੋਈ ਅਨੁਮਾਨਤ ਰਕਮ ਤੋਂ ਵੱਧਦੀ ਰਹੀ ਹੈ ਅਤੇ ਬੱਚਤ ਹੀ ਹੁੰਦੀ ਰਹੀ ਹੈ। ਉਨ੍ਹਾਂ ਪਿਛਲੇ ਚਾਰ ਸਾਲਾਂ ਦਾ ਹਿਸਾਬ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ:
ਸਾਲ 07-08 ਸਾਲ 08-09 ਸਾਲ 09-10 ਸਾਲ 10-11
ਕੁਲ ਆਮਦਨ 863328326 1035833745 1144213234 1185425805
ਰੁਟੀਨ ਤੇ ਸਹਾਇਤਾ ਦੇ
ਖਰਚੇ 731634398 813397788 978001865 990168090
ਕੁੱਲ ਬੱਚਤ 131693928 222435957 166211369 195257715
ਪੂੰਜੀਗਤ ਖਰਚੇ
(ਖਰੀਦ ਜਾਇਦਾਦ, ਉਸਾਰੀ ਸਰਾਵਾਂ,ਸਮਾਨ, ਨਵੀਣੀਕਰਣ ਇਮਾਰਤਾਂ ਆਦਿ)
90381491 128931319 115489353 83277147
ਨਿਰੋਲ ਬੱਚਤ 41312437 93504638 50722016 111980568
ਉਪਰੋਕਤ 2007 ਤੋ 2010 ਤੀਕ ਦੀਆਂ ਰਕਮਾਂ ਬਜਟ ’ਚ ਬੋਲਦੀਆ ਹਨ ਤੇ 10-11 ਦਾ ਬਜਟ ਚ ਅਨੁਮਾਨਤ ਹੋਣ ਕਰਕੇ ਚਿੱਠੇ ਚ ਅੰਕਿਤ ਹੈ।
ਉਨ੍ਹਾਂ ਹੋਰ ਸਪਸ਼ਟ ਕੀਤਾ ਕਿ ਪੂੰਜੀਗਤ ਖਰਚਾ ਸਾਡੀ ਸੰਪਤੀ ਹੈ ਨਾ ਕਿ ਕੋਈ ਰੋਟੀਨ ਦਾ ਖਰਚਾ। ਸਾਲ 2010-11 ਵਿੱਚ ਪੂੰਜੀਗਤ ਖਰਚੇ ਤੇ 8 ਕਰੋੜ 32 ਲੱਖ 77 ਹਜਾਰ ਖਰਚ ਹੋਏ ਸੀ ਇਸ ਵਿੱਚ 5 ਕਰੋੜ 45 ਲੱਖ 75 ਹਜਾਰ 380 ਰੁਪਏ ਤਾ ਅੰਮ੍ਰਿਤਸਰ ਨੇੜੇ ਬਿਜਲੀ ਭਲਵਾਨ ਦਾ ਪੈਟਰੋਲ ਪੰਪ ਤੇ ਸਥਿਤ ਪੰਜ ਸਰੋਵਰ ਦੇ ਜਲ ਕੇਂਦਰ ਦੇ ਨਾਲ ਲਗਦੀ 3000 ਵਰਗ ਗਜ ਜਮੀਨ ਦੇ ਹੀ ਹਨ 1 (ਇੱਕ) ਕਰੋੜ 9 ਲੱਖ 82 ਹਜਾਰ 141 ਰੁਪਏ ਦਾ ਖਰਚ ਨਵੀ ਹੰਸਲੀ ਵਿਖੇ ਇਮਾਰਤ (ਕੁਆਰਟਰ) ਬਣਾਉਣ ਦਾ ਹੈ ਅਤੇ ਬਾਕੀ ਖਰਚ ਜਰਨੇਟਰ,ਗੱਡੀਆਂ ,ਇਮਾਰਤਾਂ ਬਣਾਉਨ ਆਦਿ ਦਾ ਹੈ, ਇਹ ਸਭ ਸ੍ਰੀ ਦਰਬਾਰ ਸਾਹਿਬ ਦੀ ਸੰਪਤੀ ਹਨ ਇਸ ਨੂੰ ਖਰਚ ਨਹੀ ਕਿਹਾ ਜਾ ਸਕਦਾ। ਇਹ ਸਾਰੇ ਪੂੰਜੀਗਤ ਖਰਚੇ ਪਾ ਕੇ ਵੀ ਸ੍ਰੀ ਦਰਬਾਰ ਸਾਹਿਬ ਨੂੰ 11 ਕਰੋੜ 19 ਲੱਖ 80 ਹਜਾਰ 568 ਰੁਪਏ ਦੀ ਨਿਰੋਲ ਬੱਚਤ ਹੋਈ ਹੈ।
ਇਸੇ ਤਰਾਂ 2011-2012 ਦੇ ਬਜਟ ਵਿੱਚ ਅੰਦਾਜਨ ਆਮਦਨ 132 ਕਰੋੜ 10 ਲੱਖ ਰੁਪਏ ਰੱਖੀ ਗਈ ਹੈ ਤੇ ਖਰਚ ਅੰਦਾਜਨ ਰੋਟੀਨ+ਪੂਜੀਗਤ 118 ਕਰੋੜ 85 ਲੱਖ ਰੁਪਏ ਰੱਖਿਆ ਗਿਆ ਹੈ। ਪੂਜੀਗਤ ਖਰਚੇ ਬਜਟ ਦੇ ਪੰਨਾ ਨੰਬਰ 14, ਦੀ ਆਈਟਮ 1 ਤੋ ਲੈ ਕੇ 25 ਤੀਕ ਦੇ 26 ਕਰੋੜ 30 ਲੱਖ ਰੁਪਏ ਕੇਵਲ ਦੇ ਹਨ ਜਿਨਾਂ ਵਿੱਚ 10 ਕਰੋੜ ਰੁਪਏ ਸਾਰਾਗੜੀ ਨਿਵਾਸ ਦੀ ਉਸਾਰੀ ਤੇ 10 ਕਰੋੜ ਰੁਪਏ ਅਕਾਲੀ ਮਾਰਕੀਟ ਸ੍ਰੀ ਅੰਮ੍ਰਿਤਸਰ ਅਤੇ ਗੁਰੁ ਨਾਨਕ ਦਰਬਾਰ ਊਜੈਨ ਵਿਖੇ ਜਮੀਨ ਖਰੀਦਣ ਵਾਸਤੇ ਹਨ ਜਿਨਾਂ ਨੂੰ ਹਿਸਾਬ ਕਿਤਾਬ ਦੇ ਕੰਮਾਂ ਤੋ ਜਾਣੂ ਕੋਈ ਵੀ ਵਿਅਕਤੀ ਇਸ ਖ੍ਰੀਦ ਕੀਤੀ ਜਾਇਦਾਦ ਤੇ ਨਵੀ ਸਰਾਂ ਦੀ ਉਸਾਰੀ ਤੇ ਹੋਣ ਵਾਲੇ ਖਰਚਾਂ ਨੂੰ ਘਾਟਾ ਨਹੀ ਕਹੇਗਾ ਅਤੇ ਇਹੋ ਤਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਅਤੇ ਸਕੂਲਾਂ/ਕਾਲਜਾਂ ’ਤੇ ਲਾਗੂ ਹੁੰਦਾ ਹੈ।
ਉਨ੍ਹਾਂ ਅਜਿਹੇ ਬਿਆਨ ਦੇਣ ਵਾਲਿਆਂ ਨੂੰ ਕਿਹਾ ਕਿ ਜੇਕਰ ਬਜਟ ਸਬੰਧੀ ਕੋਈ ਸਮਝ ਨਹੀਂ ਪੈਂਦੀ ਉਨ੍ਹਾਂ ਨੂੰ ਹਿਸਾਬ-ਕਿਤਾਬ ਦੇ ਮਾਹਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਮਾਹਰਾਂ ਪਾਸ ਜਾਣ ’ਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਮਾਹਰਾਂ ਪਾਸੋਂ ਸਿੱਧੇ ਰੂਪ ’ਚ ਕਿਸੇ ਵੇਲੇ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਹਮੇਸ਼ਾਂ ਦਰਵਾਜ਼ੇ ਖੁੱਲ੍ਹੇ ਹਨ।