ਇਸਲਾਮਾਬਾਦ- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਭਾਰੀ ਵਰਖਾ ਹੋਣ ਨਾਲ ਬਹੁਤ ਵੱਡੇ ਹੜ੍ਹ ਆ ਗਏ ਹਨ, ਜਿਸ ਨਾਲ ਲੱਖਾਂ ਲੋਕ ਬੇਘਰ ਹੋ ਗਏ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਦੀ ਅਪੀਲ ਕੀਤੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ 41 ਲੱਖ ਏਕੜ ਦਾ ਖੇਤਰ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ ਅਤੇ 141 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਪ੍ਰਧਾਨਮੰਤਰੀ ਨੇ ਦਸਿਆ ਕਿ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ 4000 ਰਾਹਤ ਕੈਂਪ ਲਗਾਏ ਹਨ, ਜਿਨ੍ਹਾਂ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਇੱਕ ਲੱਖ ਲੋਕ ਰਹਿ ਰਹੇ ਹਨ। ਸਿੰਧ ਰਾਜ ਵਿੱਚ 17 ਲੱਖ ਏਕੜ ਜਮੀਨ ਤੇ ਖੜ੍ਹੀ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸਿੰਧ ਵਿੱਚ ਇਸ ਸਾਲ ਔਸਤ ਨਾਲੋਂ 142 ਫੀਸਦੀ ਵੱਧ ਵੱਰਖਾ ਹੋਈ ਹੈ ਜਿਸ ਨਾਲ ਸੂਬੇ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ। ਸੂਬੇ ਦੇ 23 ਜਿਲ੍ਹਿਆਂ ਵਿੱਚੋਂ 21 ਜਿਲ੍ਹੇ ਮੀਂਹਾਂ ਦੀ ਮਾਰ ਹੇਠ ਆਏ ਹਨ। ਮੀਰਪੁਰ ਖਾਸ, ਟੰਡੋ ਮੁਹੰਮਦ ਖਾਨ, ਨਵਾਬਸ਼ਾਹ, ਉਮਰ ਕੋਟ, ਖੈਰਪੁਰ, ਬਦੀਨ ਅਤੇ ਥਰਪਾਰਕਰ ਜਿਲ੍ਹਿਆਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ।
ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ, “ ਅੰਤਰਰਾਸ਼ਟਰੀ ਭਾਈਚਾਰਾ ਰਾਸ਼ਟਰਪਤੀ ਜਰਦਾਰੀ ਦੀ ਅਪੀਲ ਤੇ ਵਿਚਾਰ ਕਰੇ ਅਤੇ ਮਨੁੱਖਤਾ ਦੇ ਆਧਾਰ ਤੇ ਪੀੜਤਾਂ ਦੀ ਮਦਦ ਕਰੇ।” ਇਸ ਤੋਂ ਪਹਿਲਾਂ ਰਾਸ਼ਟਰਪਤੀ ਜਰਦਾਰੀ ਨੇ ਮੀਂਹਾਂ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਸੀ ਅਤੇ ਸੰਯੁਕਤ ਰਾਸ਼ਟਰ ਨੂੰ ਸਹਾਇਤਾ ਦੀ ਅਪੀਲ ਕੀਤੀ ਸੀ।