ਨਵੀਂ ਦਿੱਲੀ- ‘ਨੋਟ ਦੇ ਬਦਲੇ ਵੋਟ’ ਮਾਮਲੇ ਵਿੱਚ ਭਾਜਪਾ ਦੇ ਸੰਸਦ ਅਤੇ ਵਕੀਲ ਰਾਮ ਜੇਠਮਲਾਨੀ ਅਮਰ ਸਿੰਘ ਦੇ ਬਚਾਅ ਪੱਖ ਵਿੱਚ ਸਾਹਮਣੇ ਆਉਣ ਨਾਲ ਭਾਜਪਾ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜੇਪੀ ਨੇ ਆਪਣੀ ਸ਼ਰਮਿੰਦਗੀ ਛੁਪਾਉਂਦੇ ਹੋਏ ਸਿਰਫ਼ ਏਨਾ ਹੀ ਕਿਹਾ ਕਿ ਅਦਾਲਤ ਵਿੱਚ ਵਿਚਾਰਅਧੀਨ ਮਾਮਲੇ ਤੇ ਉਹ ਕੋਈ ਵੀ ਟਿਪਣੀ ਨਹੀਂ ਕਰਨਾ ਚਾਹੁੰਦੀ।
ਅਮਰ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਜੇਠਮਲਾਨੀ ਨੇ ਦਲੀਲ ਦਿੱਤੀ ਕਿ ਸਿਟਿੰਗ ਅਪਰੇਸ਼ਨ ਬੀਜੇਪੀ ਨੇ ਪਲਾਨ ਕੀਤਾ ਸੀ, ਇਸ ਲਈ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਰਕਮ ਦਾ ਇੰਤਜਾਮ ਵੀ ਉਨ੍ਹਾਂ ਵਲੋਂ ਹੀ ਕੀਤਾ ਗਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਰੋਪ ਪੱਤਰ ਵਿੱਚ ਅਜਿਹਾ ਕੋਈ ਵੀ ਅਰੋਪ ਨਹੀਂ ਹੈ ਕਿ ਪੈਸਾ ਅਮਰ ਸਿੰਘ ਵਲੋਂ ਦਿੱਤਾ ਗਿਆ।ਸੰਭਾਵਨਾ ਇਹੋ ਬਣਦੀ ਹੈ ਕਿ ਬੀਜੇਪੀ ਵਿੱਚੋਂ ਹੀ ਜੋ ਵਿਅਕਤੀ ਸਿਟਿੰਗ ਅਪਰੇਸ਼ਨ ਚਾਹੁੰਦਾ ਸੀ, ਉਸ ਨੇ ਹੀ ਧੰਨ ਦਾ ਪ੍ਰਬੰਧ ਵੀ ਕੀਤਾ ਹੋਵੇਗਾ। ਬੀਜੇਪੀ ਦੇ ਅਰੁਣ ਜੇਟਲੀ ਨੇ ਕਿਹਾ, ‘ਜੇਠਮਲਾਨੀ ਸਿਰਫ਼ ਇੱਕ ਵਕੀਲ ਦੇ ਤੌਰ ਤੇ ਆਪਣੇ ਮੁਵਕਿਲ ਵਲੋਂ ਇਹ ਦਲੀਲ ਦੇ ਰਹੇ ਹਨ। ਵਕੀਲ ਚਾਹੇ ਜੋ ਤਰਕ ਦਿੰਦਾ ਹੈ ਭਾਂਵੇ ਉਸ ਵਿੱਚ ਕੋਈ ਵੀ ਸਚਾਈ ਨਾਂ ਹੋਵੇ,ਪਰ ਅਸੀ ਆਮ ਤੌਰ ਤੇ ਅਦਾਲਤ ਵਿੱਚ ਚੱਲ ਰਹੇ ਮਾਮਲਿਆਂ ਤੇ ਟਿਪਣੀ ਨਹੀਂ ਕਰਦੇ।’ ਇਹ ਪਹਿਲਾ ਮੌਕਾ ਨਹੀਂ ਹੈ ਕਿ ਜੇਠ ਮਲਾਨੀ ਨੇ ਅਜਿਹੇ ਵਿਅਕਤੀ ਦੇ ਕੇਸ ਦੀ ਪੈਰਵੀ ਕੀਤੀ ਹੈ ਜਿਸ ਨਾਲ ਪਾਰਟੀ ਨੂੰ ਸ਼ਰਮਿੰਦਗੀ ਹੋ ਰਹੀ ਹੈ। ਇਸ ਤੋਂ ਪਹਿਲਾਂ ਉਹ ਡੀਐਮਕੇ ਸੰਸਦ ਕਨਮੋੜੀ ਦੀ ਪੈਰਵੀ ਵੀ ਕਰ ਚੁੱਕੇ ਹਨ।